Farmer protest delhi haryana: ਪੰਜਾਬ ਤੋਂ ਦਿੱਲੀ ਰਵਾਨਾ ਹੋਏ ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ, ਜੋ ਹਰਿਆਣਾ ਪੁਲਿਸ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਦਿੱਲੀ ਸਰਹੱਦ ‘ਤੇ ਪਹੁੰਚ ਗਏ ਹਨ। ਸਿੰਘੁ ਸਰਹੱਦ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਹੈ, ਇਥੇ ਪੁਲਿਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਹਨ। ਹੁਣ ਇਸ ਪ੍ਰਦਰਸ਼ਨ ਦਾ ਅਸਰ ਉੱਤਰ ਪ੍ਰਦੇਸ਼ ਵਿੱਚ ਵੀ ਦਿਖਾਈ ਦੇ ਰਿਹਾ ਹੈ, ਜਿਸ ਦੇ ਚੱਲਦਿਆਂ ਕਿਸਾਨਾਂ ਨੇ ਮੇਰਠ-ਮੁਜ਼ੱਫਰਨਗਰ ਵਿੱਚ ਹਾਈਵੇਅ ਜਾਮ ਕਰ ਦਿੱਤਾ ਹੈ। ਪਰ ਹੁਣ ਸਿੰਘੁ ਸਰਹੱਦ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਚੱਲ ਰਹੇ ਟਕਰਾਅ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਕਿਸਾਨਾਂ ਨੂੰ ਸਿੰਘੁ ਸਰਹੱਦ ਪਾਰ ਕਰਨ ਦੀ ਇਜਾਜ਼ਤ ਮਿਲ ਗਈ ਹੈ। ਪਰ ਦਿੱਲੀ ਪੁਲਿਸ ਦੀ ਇੱਕ ਟੀਮ ਕਿਸਾਨਾਂ ਦੇ ਨਾਲ ਰਹੇਗੀ ਅਤੇ ਉਨ੍ਹਾਂ ‘ਤੇ ਨਜ਼ਰ ਰੱਖੇਗੀ। ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਗ੍ਰਾਉਂਡ ‘ਚ ਧਰਨਾ ਪ੍ਰਦਰਸ਼ਨ ਕਰਨ ਦੀ ਆਗਿਆ ਮਿਲੀ ਹੈ। ਪਰ ਕਿਸਾਨ ਜਥੇਬੰਦੀਆਂ ਨੇ ਇਸ ‘ਤੇ ਆਪਣਾ ਫੈਸਲਾ ਅਜੇ ਲੈਣਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਟ ਦਾ ਕਹਿਣਾ ਹੈ ਕਿ ਅਸੀਂ ਯੂਪੀ ਤੋਂ ਵੀ ਦਿੱਲੀ ਵੱਲ ਕੂਚ ਕਰਾਂਗੇ ਅਤੇ ਜਲਦੀ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ। ਅਸੀਂ ਕੇਂਦਰ ਸਰਕਾਰ ਵਿਰੁੱਧ ਲੜਾਈ ਲੜ ਰਹੇ ਹਾਂ। ਰਾਕੇਸ਼ ਟਿਕੈਟ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੀ ਗਈ ਕਾਰਵਾਈ ਦੀ ਵੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾ ਦਿੱਲੀ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਸਰਕਾਰ ਨੇ ਇੱਕ ਵੱਡਾ ਝੱਟਕਾ ਦਿੱਤਾ ਹੈ। ਦਿੱਲੀ ਸਰਕਾਰ ਨੇ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਪੁਲਿਸ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਿਰੋਧ ਕਾਰਨ ਆਰਜ਼ੀ ਜੇਲ ਦੀ ਮੰਗ ਕੀਤੀ ਸੀ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ, ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਪਾਉਣਾ ਸਹੀ ਨਹੀਂ ਹੈ। ਦਿੱਲੀ ਸਰਕਾਰ ਵਿੱਚ ਮੰਤਰੀ ਸਤੇਂਦਰ ਜੈਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਅਹਿੰਸਾਵਾਦੀ ਢੰਗ ਨਾਲ ਚੱਲ ਰਿਹਾ ਹੈ।