Farmer Union leader Rakesh Tikait: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 20ਵੇਂ ਦਿਨ ਵੀ ਜਾਰੀ ਹੈ । ਦਿੱਲੀ-ਐੱਨ.ਸੀ.ਆਰ ਵਿੱਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ, ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਗਤੀਰੋਧ ਵੱਧਦਾ ਹੀ ਜਾ ਰਿਹਾ ਹੈ। ਸਿੰਘੂ ਬਾਰਡਰ ‘ਤੇ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ 2 ਬੈਠਕਾਂ ਹੋਣਗੀਆਂ । ਕਿਸਾਨਾਂ ਦੀ ਪਹਿਲੀ ਮੀਟਿੰਗ ਦੁਪਹਿਰ 12 ਵਜੇ ਤੇ ਫਿਰ ਦੂਜੀ ਦੁਪਹਿਰ 2 ਵਜੇ ਹੋਵੇਗੀ। ਇਸ ਬੈਠਕ ਵਿੱਚ ਅੱਗੇ ਦੀ ਰਣਨੀਤੀ ‘ਤੇ ਚਰਚਾ ਹੋਵੇਗੀ ਅਤੇ ਕਾਰਵਾਈ ਦੀ ਯੋਜਨਾ ਬਣਾਈ ਜਾਵੇਗੀ।
ਇਸੇ ਵਿਚਾਲੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਭਾਰਤ ਦੇ ਫ਼ੂਡ ਸਿਸਟਮ ‘ਤੇ ਕਾਰਪੋਰੇਟ ਕਬਜ਼ੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਾਸਟ ਲਾਈਨ ਆਫ਼ ਡਿਫੈਂਸ ਹੈ । ਸਿੱਧੂ ਨੇ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜ੍ਹੀਆਂ ਤੱਕ ਭੋਜਨ ਦਿੱਤਾ ਹੈ ਤੇ ਸਰਕਾਰ ਉਨ੍ਹਾਂ ਕਿਸਾਨਾਂ ਖਿਲਾਫ ਬੇਬੁਨਿਆਦ ਦਲੀਲਾਂ ਦੇ ਰਹੀ ਹੈ ਕਿ ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ । ਸਿੱਧੂ ਨੇ ਕਿਹਾ ਕਿ ਕਿਸੇ ਗਲਤੀ ਨੂੰ ਜਾਇਜ਼ ਠਹਿਰਾਉਣਾ ਉਸ ਗਲਤੀ ਨੂੰ ਹੋਰ ਵੀ ਵੱਡਾ ਕਰ ਸਕਦਾ ਹੈ।
ਉੱਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਜ਼ਬਰਦਸਤ ਹਮਲਾ ਬੋਲਿਆ ਹੈ । ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਅੱਜ ਤੋਂ ਕਿਸਾਨਾਂ ਵਿਚਾਲੇ ਪੰਚਾਇਤ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਨਾਲ ਜੁੜੇ ਕਾਨੂੰਨਾਂ ਨੂੰ ਸਮਝਾਇਆ ਜਾ ਸਕੇ । ਸਰਕਾਰ ਦੀ ਇਸ ਕੋਸ਼ਿਸ਼ ‘ਤੇ ਟਿਕੈਤ ਨੇ ਕਿਹਾ ਕਿ ਜਦੋਂ ਗਿੱਦੜ ਦੀ ਮੌਤ ਹੁੰਦੀ ਹੈ, ਉਹ ਪਿੰਡ ਵੱਲ ਦੌੜਦਾ ਹੈ, ਕੇਂਦਰ ਸਰਕਾਰ ਅਜਿਹਾ ਕੁਝ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨ ਨੇਤਾਵਾਂ ਨਾਲ ਸਰਕਾਰ ਦੀ ਚੱਲ ਰਹੀ ਗੱਲਬਾਤ ਬਾਰੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਗੱਲ ਕਰ ਰਹੀ ਹੈ ਜੋ ਬਿਲਕੁਲ ਵੀ ਕਿਸਾਨ ਨਹੀਂ ਹਨ।