farmer unions claims: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ 100 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਇਸ ਦੌਰਾਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਤਕਰੀਬਨ 40 ਹਜ਼ਾਰ ਮਹਿਲਾਵਾਂ ਦਿੱਲੀ ਆ ਰਹੀਆਂ ਹਨ।
ਦਰਅਸਲ, ਕਿਸਾਨ ਜੱਥੇਬੰਦੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਐਤਵਾਰ ਨੂੰ ਹੀ ਦਿੱਲੀ ਕੂਚ ਕਰਨਗੀਆਂ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਟਰੈਕਟਰ ਰੈਲੀਆਂ ਵੀ ਕੱਢੀਆਂ ਗਈਆਂ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਬਰਨਾਲਾ ਵਿੱਚ ਮਹਿਲਾਵਾਂ ਵੱਲੋਂ ਟਰੈਕਟਰ ਚਲਾਏ ਗਏ ਸਨ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੀ ਮਹਿਲਾ ਇਕਾਈ ਦੀ ਸੂਬਾ ਕਮੇਟੀ ਮੈਂਬਰ ਬਲਬੀਰ ਕੌਰ ਨੇ ਦੱਸਿਆ, ‘ਬਹੁਤ ਸਾਰੀਆਂ ਮਹਿਲਾਵਾਂ ਆਪਣੇ ਬੱਚਿਆਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਰੁੱਝੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ 9 ਮਾਰਚ ਨੂੰ ਪੰਜਾਬ ਪਰਤਣਗੀਆਂ, ਜਦਕਿ ਕੁਝ ਉੱਥੇ ਹੀ ਰੁਕਣਗੀਆਂ।
ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਦੋਂ ਤੱਕ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ ਅਤੇ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਹਿਮਤ ਨਹੀਂ ਹੁੰਦੀ। ਉਨ੍ਹਾਂ ਇਸ ਮੌਕੇ ਇੱਕ ਟਰੈਕਟਰ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਰੈਲੀ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਜ਼ਿਲ੍ਹਿਆਂ ਵਿੱਚ ਜਾਵੇਗੀ ਅਤੇ 27 ਮਾਰਚ ਨੂੰ ਗਾਜ਼ੀਪੁਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ‘ਤੇ ਪਹੁੰਚੇਗੀ।
ਇਹ ਵੀ ਦੇਖੋ: ਸਰਦੂਲ ਸਿਕੰਦਰ ਦਾ ਅੰਤਿਮ ਅਰਦਾਸ ਸਮਾਗਮ LIVE , ਅਜੇ ਵੀ ਨਹੀਂ ਸੁੱਕੇ ਨੂਰੀ ਦੇ ਹੰਝੂ, ਪਹਿਲੀ ਝਲਕ…