Farmers gear up nationwide protest: ਖੇਤੀ ਬਿੱਲ ਨੂੰ ਲੈ ਕੇ ਅੱਜ ਕਿਸਾਨ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 31 ਸੰਸਥਾਵਾਂ ਸ਼ਾਮਿਲ ਹੋ ਰਹੀਆਂ ਹਨ। ਕਿਸਾਨ ਸੰਗਠਨਾਂ ਨੂੰ ਕਾਂਗਰਸ, RJD, ਸਮਾਜਵਾਦੀ ਪਾਰਟੀ, ਅਕਾਲੀ ਦਲ, ਟੀਐਮਸੀ ਸਮੇਤ ਕਈ ਪਾਰਟੀਆਂ ਦਾ ਸਮਰਥਨ ਮਿਲਿਆ ਹੈ। RJD ਨੇਤਾ ਤੇਜਸ਼ਵੀ ਯਾਦਵ ਨੇ ਖੇਤੀ ਬਿੱਲਾਂ ਨੂੰ ਲੈ ਕੇ ਵਿਰੋਧ ਵਿੱਚ ਇੱਕ ਟਰੈਕਟਰ ਰੈਲੀ ਕੱਢੀ। ਇਸ ਤੋਂ ਪਹਿਲਾਂ ਵੀਰਵਾਰ ਤੋਂ ਪੰਜਾਬ ਵਿਚ ਤਿੰਨ ਰੋਜ਼ਾ ਰੇਲ ਰੋਕੋ ਮੁਹਿੰਮ ਸ਼ੁਰੂ ਹੋ ਗਈ ਹੈ । ਕਿਸਾਨ ਰੇਲਵੇ ਟਰੈਕ ‘ਤੇ ਡਟੇ ਹੋਏ ਹਨ ਅਤੇ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ । ਇਸ ਦਾ ਸਭ ਤੋਂ ਵੱਧ ਅਸਰ ਹਰਿਆਣਾ, ਪੰਜਾਬ ਅਤੇ ਖ਼ਾਸਕਰ ਪੱਛਮੀ ਬੰਗਾਲ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਰਾਜਾਂ ਦੇ ਨਾਲ ਰਾਜਨੀਤਿਕ ਪਾਰਟੀਆਂ ਵੀ ਇਸ ਬਿੱਲ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰਨ ਲਈ ਤਿਆਰ ਹਨ।
ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ MSP ਕਿਸਾਨਾਂ ਤੋਂ ਖੋਹ ਲਈ ਜਾਵੇਗੀ । ਉਨ੍ਹਾਂ ਨੂੰ ਕਾਂਟਰੈਕਟ ਫਾਰਮਿੰਗ ਰਾਹੀਂ ਖਰਬਪਤੀਆਂ ਦੇ ਗੁਲਾਮ ਬਣਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਨਾ ਕੋਈ ਕੀਮਤ ਮਿਲੇਗੀ ਅਤੇ ਨਾ ਹੀ ਸਤਿਕਾਰ। ਕਿਸਾਨ ਆਪਣੇ ਹੀ ਖੇਤ ‘ਤੇ ਮਜ਼ਦੂਰ ਬਣ ਜਾਵੇਗਾ। ਭਾਜਪਾ ਖੇਤੀ ਬਿੱਲ ਈਸਟ ਇੰਡੀਆ ਕੰਪਨੀ ਰਾਜ ਦੀ ਯਾਦ ਦਿਵਾਉਂਦਾ ਹੈ। ਅਸੀਂ ਇਹ ਅਨਿਆਂ ਨਹੀਂ ਹੋਣ ਦੇਵਾਂਗੇ।
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਨੇਤਾ ਵੀ ਸ਼ਾਮਿਲ ਹੋ ਰਹੇ ਹਨ । ਇਸੇ ਤਰਤੀਬ ਵਿੱਚ RJD ਨੇਤਾ ਤੇਜਸਵੀ ਯਾਦਵ ਨੇ ਖੇਤੀ ਬਿੱਲ ਦੇ ਵਿਰੁੱਧ ਇੱਕ ਟਰੈਕਟਰ ਰੈਲੀ ਕੱਢੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੇ ਅੰਨਾਦਾਤਾ ਨੂੰ ਨਿਧਿ ਦਾਤਾ ਰਾਹੀਂ ਕਠਪੁਤਲੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਕਿਸਾਨ ਵਿਰੋਧੀ ਹੈ । ਸਰਕਾਰ ਨੇ ਕਿਹਾ ਸੀ ਕਿ ਉਹ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੀਆਂ, ਪਰ ਇਹ ਬਿੱਲ ਉਨ੍ਹਾਂ ਨੂੰ ਗਰੀਬ ਬਣਾ ਦੇਵੇਗਾ ।
ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ‘ਰੇਲ ਰੋਕੋ’ ਅੰਦੋਲਨ ਜਾਰੀ ਹੈ। ਇੱਥੇ ਕਿਸਾਨਾਂ ਨੇ 24 ਸਤੰਬਰ ਤੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜੋ 26 ਸਤੰਬਰ ਤੱਕ ਚੱਲੇਗੀ । ਅੰਦੋਲਨ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲ ਮੰਡਲ ਨੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ 14 ਵਿਸ਼ੇਸ਼ ਟ੍ਰੇਨਾਂ ਨੂੰ 24 ਸਤੰਬਰ ਤੋਂ 26 ਸਤੰਬਰ ਤੱਕ ਰਾਤ 12 ਵਜੇ ਤੱਕ ਰੱਦ ਕਰ ਦਿੱਤਾ ਹੈ।