Farmers march from Nashik: ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦ ‘ਤੇ ਪਿਛਲੇ 2 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਇਸਦੇ ਨਾਲ ਹੀ ਰਾਜਨੀਤੀ ਦਾ ਦੌਰ ਵੀ ਜਾਰੀ ਹੈ। ਹੁਣ ਮਹਾਰਾਸ਼ਟਰ ਦੇ ਕਿਸਾਨ ਵੀ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਆ ਗਏ ਹਨ। ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨਾਸਿਕ ਤੋਂ ਪੈਦਲ ਮੁੰਬਈ ਪਹੁੰਚੇ ਹਨ। ਇੱਥੇ ਅਜ਼ਾਦ ਮੈਦਾਨ ਵਿੱਚ ਕਿਸਾਨਾਂ ਦੀ ਇੱਕ ਵੱਡੀ ਰੈਲੀ ਬੁਲਾਈ ਗਈ ਹੈ ਜਿਸ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਨੇਤਾ ਆਦਿੱਤਿਆ ਠਾਕਰੇ ਸਮੇਤ ਕਾਂਗਰਸੀ ਨੇਤਾ ਸੰਬੋਧਿਤ ਕਰਨਗੇ । ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਰਾਹੀਂ ਤਿੰਨ ਸੱਤਾਧਾਰੀ ਪਾਰਟੀਆਂ ਰਾਜ ਦੇ ਪੇਂਡੂ ਖੇਤਰਾਂ ਵਿੱਚ ਆਪਣੇ ਰਾਜਨੀਤਿਕ ਅਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਰੈਲੀ ਦੇ ਮੱਦੇਨਜ਼ਰ ਪੁਲਿਸ ਨੇ ਦੱਖਣੀ ਮੁੰਬਈ ਸਥਿਤ ਆਜ਼ਾਦ ਮੈਦਾਨ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ਦੀ ਸੁਰੱਖਿਆ ਅਤੇ ਸਟੇਟ ਰਿਜ਼ਰਵ ਪੁਲਿਸ ਫੋਰਸ (ਐਸਆਰਪੀਐਫ) ਦੇ ਜਵਾਨਾਂ ਦੀ ਤਾਇਨਾਤੀ ਦੇ ਨਾਲ-ਨਾਲ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਇਸਦੇ ਨਾਲ ਹੀ ਡਰੋਨ ਦੀ ਵਰਤੋਂ ਵੀ ਕੀਤੀ ਜਾਵੇਗੀ।
ਉੱਥੇ ਹੀ ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਦੇ ਕੌਮੀ ਬੁਲਾਰੇ ਅਸ਼ੋਕ ਧਵਲੇ ਨੇ ਕਿਹਾ ਕਿ ਇਹ ਸੰਮੇਲਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਬੁਲਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਕਿਸਾਨ ਸਭਾ ਆਜਾਦ ਮੈਦਾਨ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਮਹਾਂਵਿਕਾਸ ਅਘਾਡੀ ਦੇ ਆਗੂ ਭਾਗ ਲੈਣਗੇ । ਇਸ ਰੈਲੀ ਨੂੰ ਐਨਸੀਪੀ ਦੇ ਮੁਖੀ ਸ਼ਰਦ ਪਵਾਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮਾਲ ਮੰਤਰੀ ਬਾਲਾਸਾਹਿਬ ਥੋਰਾਟ ਅਤੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਸਮੇਤ ਹੋਰ ਪਾਰਟੀਆਂ ਦੇ ਆਗੂ ਵੀ ਸੰਬੋਧਿਤ ਕਰਨਗੇ। ਕਿਸਾਨਾਂ ਦਾ ਇੱਕ ਵਫ਼ਦ 25 ਜਨਵਰੀ ਨੂੰ ਰਾਜ ਭਵਨ ਜਾ ਕੇ ਰਾਜਪਾਲ ਭਗਤ ਸਿੰਘ ਕੋਸ਼ਰੀ ਨੂੰ ਮੰਗ ਪੱਤਰ ਸੌਂਪੇਗਾ ਅਤੇ ਨਾਲ ਹੀ ਗਣਤੰਤਰ ਦਿਵਸ ਦੇ ਮੌਕੇ ਆਜ਼ਾਦ ਮੈਦਾਨ ਵਿੱਚ ਝੰਡਾ ਲਹਿਰਾਉਣਗੇ ।
ਦੱਸ ਦੇਈਏ ਕਿ ਏਆਈਕੇਐਸ ਦੀ ਮਹਾਰਾਸ਼ਟਰ ਸ਼ਾਖਾ ਨੇ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਨਾਸਿਕ ਤੋਂ ਤਕਰੀਬਨ 15,000 ਕਿਸਾਨ ਸ਼ਨੀਵਾਰ ਨੂੰ ਟੈਂਪੋ ਅਤੇ ਹੋਰ ਵਾਹਨਾਂ ਨਾਲ ਮੁੰਬਈ ਲਈ ਰਵਾਨਾ ਹੋਏ ਹਨ। ਸੂਬਾ ਸਰਕਾਰ ਵਿਚ ਕਾਂਗਰਸ ਦੀ ਸੂਬਾ ਇਕਾਈ ਪਹਿਲਾਂ ਹੀ ਇਸ ਰੈਲੀ ਦਾ ਸਮਰਥਨ ਕਰ ਚੁੱਕੀ ਹੈ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live