Farmers organisations claims: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗਣਤੰਤਰ ਦਿਵਸ ‘ਤੇ ਉਨ੍ਹਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਆਗਿਆ ਦੇ ਦਿੱਤੀ ਹੈ । ਇਸ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਗਣਤੰਤਰ ਦਿਵਸ ਮੌਕੇ ਤਕਰੀਬਨ ਤਿੰਨ ਲੱਖ ਟਰੈਕਟਰ ਦਿੱਲੀ ਦੀਆਂ ਸੜਕਾਂ ‘ਤੇ ਉਤਰਨਗੇ । ਉਨ੍ਹਾਂ ਕਿਹਾ ਕਿ ਯੂਪੀ ਗੇਟ ਬਾਰਡਰ ‘ਤੇ ਕਿਸਾਨਾਂ ਦਾ ਜੱਥਾ ਲਗਾਤਾਰ ਆ ਰਿਹਾ ਹੈ।
ਇਸ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਸ਼ਰਾਰਤੀ ਤੱਤਾਂ ’ਤੇ ਵਿਸ਼ੇਸ਼ ਨਿਗ੍ਹਾ ਰੱਖੀ ਜਾ ਰਹੀ ਹੈ। ਅੰਦੋਲਨ ਵਿੱਚ ਕਿਸੇ ਵੀ ਗੜਬੜੀ ਤੋਂ ਬਚਣ ਲਈ 500 ਵਲੰਟੀਅਰਾਂ ਨੂੰ ਲਗਾਇਆ ਗਿਆ ਹੈ । ਕਿਸਾਨ ਆਗੂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਟਰੈਕਟਰ ਮਾਰਚ ਕੱਢਣਾ ਚਾਹੁੰਦੇ ਹਾਂ । ਕਿਸੇ ਵੀ ਹਫੜਾ-ਦਫੜੀ ਵਾਲੀ ਸਥਿਤੀ ਲਈ ਪੁਲਿਸ ਜ਼ਿੰਮੇਵਾਰ ਹੋਵੇਗੀ।
ਇਸ ਤੋਂ ਅੱਗੇ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਕਿਸਾਨ ਪਰੇਡ ਵਿੱਚ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਲਗਭਗ 25,000 ਟਰੈਕਟਰ ਹਿੱਸਾ ਲੈਣਗੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੋਵਾਂ ਰਾਜਾਂ ਤੋਂ ਯੂਪੀ ਗੇਟ ਵੱਲ ਜਾਣ ਵਾਲੀਆਂ ਟਰੈਕਟਰ-ਟਰਾਲੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਨੇ ਰੋਕ ਲਿਆ ਹੈ, ਪਰ ਕਿਸੇ ਵੀ ਕੀਮਤ ‘ਤੇ ਕਿਸਾਨ ਇੱਥੇ ਪਹੁੰਚ ਜਾਣਗੇ। ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਵਿੱਚ ਵੀ ਕਿਸਾਨ ਟਰੈਕਟਰ ਰੈਲੀ ਕੱਢਣਗੇ।
ਦੱਸ ਦੇਈਏ ਕਿ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬਾਰੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ ਕਿਸਾਨ ਪੁਲਿਸ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਮਿਲ ਗਈ ਹੈ ।