Farmers Protest: ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ ਸੱਤਵੇਂ ਦਿਨ ਵੀ ਜਾਰੀ ਹੈ। ਇੱਕ ਪਾਸੇ, ਜਿੱਥੇ ਪੰਜਾਬ ਦੀ ਖੇਡ ਜਗਤ ਦੇ ਮਸ਼ਹੂਰ ਸਿਤਾਰੇ ਕਿਸਾਨਾਂ ਦੇ ਸਮਰਥਨ ਵਿੱਚ ਆ ਗਏ ਹਨ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਤੋਂ ਵਧੇਰੇ ਕਿਸਾਨ ਦਿੱਲੀ ਆਉਣ ਦੀ ਤਿਆਰੀ ਵਿੱਚ ਹਨ । ਇਸ ਤੋਂ ਇਲਾਵਾ ਅੱਜ ਮੇਵਾਤ ਦੇ ਕਿਸਾਨ ਵੀ ਦਿੱਲੀ ਵਿੱਚ ਅੰਦੋਲਨ ਕਰਨ ਜਾ ਰਹੇ ਹਨ । ਕੱਲ੍ਹ, ਜ਼ਿਲ੍ਹੇ ਵਿਚੋਂ ਬਾਹਰ ਨਿਕਲੇ ਇਨ੍ਹਾਂ ਕਿਸਾਨਾਂ ਵਿੱਚੋਂ 30 ਦੇ ਕਰੀਬ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਗੁਰੂਗਰਾਮ ਵਿੱਚ ਰੋਕ ਲਿਆ ਹੈ। ਸਾਵਧਾਨੀ ਦੇ ਤੌਰ ‘ਤੇ ਪੁਲਿਸ ਵੱਲੋਂ ਦਿੱਲੀ-ਨੋਇਡਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਬੇਨਤੀਜਾ ਰਹੀ । ਦੁਪਹਿਰ 3 ਵਜੇ ਸ਼ੁਰੂ ਹੋਈ ਇਹ ਮੀਟਿੰਗ ਸ਼ਾਮ ਕਰੀਬ 7 ਵਜੇ ਖਤਮ ਹੋਈ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਰਹੇ ।
ਦਰਅਸਲ, ਕਿਸਾਨ ਕੇਂਦਰ ਸਰਕਾਰ ਵੱਲੋਂ ਕਮੇਟੀ ਬਣਾਉਣ ਲਈ ਤਿਆਰ ਨਹੀਂ ਹਨ । ਕਿਸਾਨਾਂ ਨੂੰ ਕਮੇਟੀ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਮੇਟੀ ਕਿਸੇ ਸਿੱਟੇ ‘ਤੇ ਨਹੀਂ ਪਹੁੰਚਦੀ ਅਤੇ ਕੁਝ ਵੀ ਠੋਸ ਗੱਲ ਨਹੀਂ ਨਿਕਲਦੀ , ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ । ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਕਮੇਟੀ ਰੋਜ਼ ਬੈਠ ਕੇ ਵਿਚਾਰ ਵਟਾਂਦਰੇ ਲਈ ਤਿਆਰ ਹੈ ਤਾਂ ਜੋ ਨਤੀਜੇ ਜਲਦੀ ਆ ਸਕਣ । ਉੱਥੇ ਹੀ ਦੂਜੇ ਪਾਸੇ ਸਿੰਘੁ ਬਾਰਡਰ ‘ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਤਿੰਨੋਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੇ ਇਸ ਤਰ੍ਹਾਂ ਜਾਰੀ ਰਿਹਾ ਤਾਂ ਅੰਦੋਲਨ ਹੋਰ ਵੱਡਾ ਹੋਵੇਗਾ । ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਦੀਆਂ ਪੰਚਾਇਤਾਂ ਦੀ ਅਪੀਲ ‘ਤੇ ਸੈਂਕੜੇ ਕਿਸਾਨ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕਰ ਰਹੇ ਹਨ । ਜਿਸ ਤੋਂ ਬਾਅਦ ਇਹ ਕਿਸਾਨ ਅੱਜ ਯਾਨੀ ਕਿ ਬੁੱਧਵਾਰ ਨੂੰ ਦਿੱਲੀ ਲਈ ਰਵਾਨਾ ਹੋਣਗੇ ।
ਦੱਸ ਦੇਈਏ ਕਿ ਮੰਗਲਵਾਰ ਨੂੰ ਹਰਿਆਣਾ ਦੇ ਆੜ੍ਹਤੀਆਂ ਨੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਦਿਨ ਦੀ ਹੜਤਾਲ ਕੀਤੀ। ਗੌਰਤਲਬ ਹੈ ਕਿ ਹਾਲ ਹੀ ਵਿੱਚ ਕੇਂਦਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨ ਵਿੱਚ ਆੜ੍ਹਤੀਆਂ ਦੀ ਭੂਮਿਕਾ ਖ਼ਤਮ ਕਰ ਦਿੱਤੀ ਗਈ ਹੈ । ਪੰਜਾਬ ਦੇ ਕਿਸਾਨ ਅਤੇ ਸਿਆਸਤਦਾਨ ਵੀ ਇਨ੍ਹਾਂ ਆੜ੍ਹਤੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਇਹ ਵੀ ਦੇਖੋ: ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ