Farmers protest continues for 28th day: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 28ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੇ ਗਏ ਇਸ ਪੱਤਰ ‘ਤੇ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਫੈਸਲਾ ਲਿਆ ਜਾਵੇਗਾ।
ਦਰਅਸਲ, ਮੰਗਲਵਾਰ ਨੂੰ ਸਹਿਮਤੀ ਨਾ ਹੋਣ ਕਾਰਨ ਅੱਜ ਸਵੇਰੇ 11 ਵਜੇ ਸਿੰਘੂ ਬਾਰਡਰ ‘ਤੇ ਇੱਕ ਵਾਰ ਫਿਰ ਮੀਟਿੰਗ ਹੋਵੇਗੀ । ਇਸ ਦੌਰਾਨ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ। ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ ਹੈ। ਕਿਸਾਨਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਹੈ। ਕਿਸਾਨ ਜੱਥੇਬੰਦੀਆਂ ਨੇ ਦੇਸ਼ ਦੇ ਕਿਸਾਨਾਂ ਨੂੰ ਅੱਜ ਕਿਸਾਨ ਦਿਵਸ ਮੌਕੇ ਇੱਕ ਸਮੇਂ ਦਾ ਭੋਜਨ ਨਾ ਖਾਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਅੰਦੋਲਨ ਜਾਰੀ ਰੱਖਣ ਦੇ ਨਾਲ ਸਰਕਾਰ ‘ਤੇ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਗਈ ਹੈ। ਜਦੋਂ ਕਿ 23 ਅਤੇ 26 ਦਸੰਬਰ ਨੂੰ ਸ਼ਰਧਾਂਜਲੀ ਦਿਵਸ ਹੈ ਤੇ ਉੱਥੇ ਹੀ 24 ਦਸੰਬਰ ਨੂੰ ਦੇਸ਼-ਵਿਦੇਸ਼ ਤੋਂ 10 ਹਜ਼ਾਰ ਲੋਕਾਂ ਨੂੰ ਵੈਬਿਨਾਰ ਰਾਹੀਂ ਜੋੜ ਕੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਦਾ ਫੈਸਲਾ ਕੀਤਾ ਗਿਆ । ਇਹ ਮੁਹਿੰਮ ਕਿਸਾਨੀ ਏਕਤਾ ਮੋਰਚਾ ਵੱਲੋਂ ਚਲਾਈ ਜਾਵੇਗੀ, ਜਿਸ ਨੇ ਸੋਸ਼ਲ ਮੀਡੀਆ ‘ਤੇ ਸਰਕਾਰ ਲਈ ਬਰਾਬਰ ਦਾ ਮੋਰਚਾ ਖੋਲ੍ਹਿਆ ਹੋਇਆ ਹੈ । ਇਸ ਵਿਚਾਲੇ ਹੌਲੀ-ਹੌਲੀ ਭੁੱਖ ਹੜਤਾਲਾਂ ਦੀ ਲੜੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ । ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਪੰਜਾਬ ਦੇ ਆੜ੍ਹਤੀਆਂ ਨੇ ਸ਼ਨੀਵਾਰ ਤੱਕ ਬੰਦ ਦਾ ਐਲਾਨ ਕੀਤਾ ਹੈ।
ਉੱਥੇ ਹੀ ਦੂਜੇ ਪਾਸੇ ਕਿਸਾਨ ਦਿਵਸ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਿਰ ਉਮੀਦ ਜਤਾਈ ਹੈ ਕਿ ਕਿਸਾਨਾਂ ਨਾਲ ਜਲਦੀ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਬਗੈਰ ਸਾਰੇ ਨੁਕਤਿਆਂ ‘ਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਸੋਧ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਸਰਕਾਰ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ।
ਇਹ ਵੀ ਦੇਖੋ: UP ਪੁਲਿਸ ਨਾਲ ਜਾ ਭਿੜੇ ਮਨਜਿੰਦਰ ਸਿਰਸਾ ਨੇ ਯੋਗੀ ਤੇ ਮੋਦੀ ਸਰਕਾਰ ਦਾ ਝੰਡ ਕੱਢ ਸੁੱਟਿਆ