Farmers protest ghazipur border : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਸ਼ੁੱਕਰਵਾਰ ਨੂੰ, ਸਿੰਘੂ ਸਰਹੱਦ ‘ਤੇ ਕੁੱਝ ਹੰਗਾਮਾ ਵੀ ਹੋਇਆ ਸੀ। ਜਦਕਿ ਗਾਜੀਪੁਰ ਸਰਹੱਦ ‘ਤੇ, ਕਿਸਾਨ ਨੇਤਾ ਰਾਕੇਸ਼ ਟਿਕੈਤ ਆਪਣੇ ਸਮਰਥਕਾਂ ਦੇ ਨਾਲ ਡੱਟ ਗਏ ਹਨ। ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਮਹਾਪੰਚਾਇਤ ਵਿੱਚ, ਕਿਸਾਨਾਂ ਨੇ ਦਿੱਲੀ ਯਾਤਰਾ ਕਰਨ ਦਾ ਐਲਾਨ ਕੀਤਾ ਹੈ। ਇੱਥੇ, 26 ਜਨਵਰੀ ਦੀ ਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ, ਕਿਸਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਵਰਤ ਰੱਖਣਗੇ। ਅੱਜ 26 ਜਨਵਰੀ ਦੀ ਘਟਨਾ ਤੋਂ ਦੁਖੀ ਕਿਸਾਨ ਰਾਸ਼ਟਰ ਪਿਤਾ ਦੀ ਬਰਸੀ ਨੂੰ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਵਰਤ ਵਿੱਚ ਸ਼ਾਮਿਲ ਹੋਵੋ ਅਤੇ ਸਾਡਾ ਸਮਰਥਨ ਕਰੋ। 30 ਜਨਵਰੀ ਨੂੰ ‘ਸਦਭਾਵਨਾ ਦਿਵਸ’ ਵਜੋਂ ਮਨਾਇਆ ਜਾਵੇਗਾ, ਸਾਡੇ ਸਾਰੇ ਨੇਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਣਗੇ।
ਇੱਥੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਇੱਕ ਮਹਾਂ ਪੰਚਾਇਤ ਹੋਈ। ਇਹ ਫੈਸਲਾ ਲਿਆ ਗਿਆ ਕਿ ਮੁਜ਼ੱਫਰਨਗਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨ ਸ਼ਨੀਵਾਰ ਨੂੰ ਦਿੱਲੀ ਵੱਲ ਕੂਚ ਕਰਨਗੇ। ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਮਹਾਂਪੰਚਾਇਤ ‘ਚ ਪਹੁੰਚੇ ਸਨ। ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਕੌਮੀ ਮੀਤ ਪ੍ਰਧਾਨ ਜੈਅੰਤ ਚੌਧਰੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਮੰਚ ਸਾਂਝਾ ਕੀਤਾ ਸੀ। ਗਾਜ਼ੀਪੁਰ ਵਿੱਚ ਸੈਂਕੜੇ ਕਿਸਾਨ ਅਜੇ ਵੀ ਡਟੇ ਹੋਏ ਹਨ। ਇੱਥੇ ਕਿਸਾਨਾਂ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ।