Farmers Protest LIVE: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਵੀਰਵਾਰ ਨੂੰ 15ਵਾਂ ਦਿਨ ਹੈ । ਕਿਸਾਨ 3 ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਡਟੇ ਹੋਏ ਹਨ । ਇਸਦੇ ਨਾਲ ਹੀ ਕਿਸਾਨਾਂ ਨੇ ਦਿੱਲੀ-ਜੈਪੁਰ ਤੇ ਦਿੱਲੀ-ਆਗਰਾ ਹਾਈਵੇ ਨੂੰ ਬਲਾਕ ਕਰਨ ਦਾ ਐਲਾਨ ਕੀਤਾ ਹੈ। ਇੱਥੇ ਹੀ 12 ਦਸੰਬਰ ਨੂੰ ਟੋਲ ਪਲਾਜ਼ਾ ਫ੍ਰੀ ਕਰ ਦਿੱਤੇ ਜਾਣਗੇ। ਇੰਨਾ ਹੀ ਨਹੀਂ 14 ਦਸੰਬਰ ਨੂੰ ਦੇਸ਼ ਵਿੱਚ ਜ਼ਿਲ੍ਹਾ ਮੁੱਖ ਦਫਤਰਾਂ ਦੇ ਬਾਹਰ ਵੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਦੇ ਮੱਦੇਨਜ਼ਰ ਅੱਜ ਕਿਸਾਨਾਂ ਨੇ ਦਿੱਲੀ ਤੋਂ ਕੌਸ਼ਾਂਬੀ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਕਿਸਾਨਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਟਰੱਕ ਫਲ ਵੰਡ ਰਿਹਾ ਸੀ ਪੁਲਿਸ ਵੱਲੋਂ ਉਸਨੂੰ ਜਬਤ ਕਰ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਵੀ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਆਇੰਟ ਸੈਕਟਰੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਡਾ ਅੰਦੋਲਨ ਹੋਰ ਤੇਜ਼ ਹੋ ਜਾਵੇਗਾ । ਇਹ ਅੰਦੋਲਨ ਦੇਸ਼ ਭਰ ਵਿੱਚ ਚੱਲੇਗਾ । ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਧਰਨੇ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਸਾਰੇ ਤਿੰਨ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ।
ਦੱਸ ਦੇਈਏ ਕਿ ਸਰਕਾਰ ਨਾਲ ਕਿਸਾਨਾਂ ਦੀ ਗੱਲਬਾਤ ਦੇ ਪੰਜ ਦੌਰ ਹੋ ਚੁੱਕੇ ਹਨ, ਪਰ ਉਸ ਗੱਲਬਾਤ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਇਸ ਲਈ ਇਹ ਉਮੀਦ ਕੀਤੀ ਜਾਂਦੀ ਸੀ ਕਿ ਜਦੋਂ ਸਰਕਾਰ ਖੇਤੀਬਾੜੀ ਕਾਨੂੰਨ ਵਿੱਚ ਸੋਧ ਕਰਨ ਲਈ ਤਿਆਰ ਹੈ, ਤਾਂ ਕਿਸਾਨ ਸਹਿਮਤ ਹੋ ਸਕਦੇ ਹਨ, ਪਰ ਕਿਸਾਨ ਝੁਕਣ ਲਈ ਤਿਆਰ ਨਹੀਂ ਹਨ । ਉਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਦੇਖੋ: ਕੇਂਦਰ ਦੇ ਪਰਪੋਜ਼ਲ ਅਤੇ ਜੱਥੇਬੰਦੀਆਂ ਦੀ ਮੀਟਿੰਗ ਹੋ ਗਈ, ਹੁਣ ਸੁਣੋ ਬਲਬੀਰ ਸਿੰਘ ਰਾਜੇਵਾਲ Live