Farmers Protest LIVE: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ 4 ਜਨਵਰੀ ਯਾਨੀ ਕਿ ਅੱਜ 8ਵੇਂ ਗੇੜ ਦੀ ਮੀਟਿੰਗ ਹੋਣੀ ਹੈ। ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਵਿਗਿਆਨ ਭਵਨ ਵਿੱਚ ਦੁਪਹਿਰ 2 ਵਜੇ ਹੋਵੇਗੀ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅਜਿਹੇ ਖਰਾਬ ਮੌਸਮ ਵਿੱਚ ਆਪਣੇ ਪਰਿਵਾਰ ਤੋਂ ਦੂਰ ਸੜਕਾਂ ‘ਤੇ ਬੈਠੇ ਹਾਂ। ਅਸੀਂ ਉਮੀਦ ਕਰ ਰਹੇ ਹਾਂ ਕਿ ਸੋਮਵਾਰ ਨੂੰ ਸਰਕਾਰ ਸਾਡੀਆਂ ਮੰਗਾਂ ਮੰਨ ਲਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਦਸੰਬਰ ਨੂੰ 7ਵੇਂ ਗੇੜ ਦੀ ਮੀਟਿੰਗ ਹੋਈ ਸੀ। ਇਸ ਬੈਠਕ ਵਿੱਚ ਕਿਸਾਨਾਂ ਦੇ ਚਾਰ ਪ੍ਰਸਤਾਵਾਂ ਵਿਚੋਂ ਦੋ ‘ਤੇ ਸਹਿਮਤੀ ਬਣ ਗਈ ਸੀ । ਇਸ ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਵਾਤਾਵਰਣ ਆਰਡੀਨੈਂਸ ‘ਤੇ ਸਹਿਮਤੀ ਹੋ ਗਈ ਹੈ। ਇਸ ਸਥਿਤੀ ਵਿੱਚ, ਪਰਾਲੀ ਸਾੜਨਾ ਹੁਣ ਕੋਈ ਗੁਨਾਹ ਨਹੀਂ ਹੈ। ਨਾਲ ਹੀ, ਬਿਜਲੀ ਬਿੱਲ ਦਾ ਮੁੱਦਾ ਵੀ ਹੁਣ ਹੱਲ ਹੋ ਗਿਆ ਹੈ। ਦੋ ਮੁੱਦਿਆਂ ਜਿਨ੍ਹਾਂ ‘ਤੇ ਸਹਿਮਤੀ ਨਹੀਂ ਬਣ ਸਕੀ ਉਹ ਹਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਐਮਐਸਪੀ। ਜਿਸ ਕਾਰਨ ਅੱਜ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਫਿਰ ਵਿਚਾਰ-ਵਟਾਂਦਰੇ ਹੋਣੇ ਹਨ ।
ਉੱਥੇ ਹੀ ਦੂਜੇ ਪਾਸੇ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (AIKSCC) ਦੇ ਵਰਕਿੰਗ ਸਮੂਹ ਨੇ ਕਿਹਾ ਕਿ ਇਸ ਨਵੇਂ ਸਾਲ ਵਿੱਚ ਲੱਖਾਂ ਕਿਸਾਨਾਂ ਨੇ ਇੱਕ ਵਚਨ ਲਿਆ ਹੈ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ ਅਤੇ ਦੇਸ਼ ਵਿੱਚ ਵੱਧ ਰਹੀ ਭੁੱਖਮਰੀ ਦਾ ਵਿਰੋਧ ਕਰਨਗੇ । ਕਿਸਾਨਾਂ ਨੇ ਇਹ ਵਾਅਦਾ ਕੀਤਾ ਹੈ ਕਿ ਜਦੋਂ ਤੱਕ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਪ੍ਰੇਰਣਾ ਸਦਕਾ ਕੇਂਦਰ ਦੇ ਤਿੰਨ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹ ਉਦੋਂ ਤੱਕ ਅਣਮਿਥੇ ਸਮੇਂ ਲਈ ਅੰਦੋਲਨ ਲਗਾਤਾਰ ਚਲਾਉਣਗੇ ।
ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਗੱਲਬਾਤ ਵਿੱਚ ਕੁਝ ਵਧੀਆ ਨਤੀਜੇ ਮਿਲਣ ਦੀ ਉਮੀਦ ਜਤਾਈ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕੋਈ ਜੋਤਸ਼ੀ ਨਹੀਂ ਹੈ ਜੋ ਇਹ ਦੱਸ ਸਕਦਾ ਹੈ ਕਿ ਵਿਰੋਧ ਕਰ ਰਹੇ ਕਿਸਾਨਾਂ ਨਾਲ ਹੋਣ ਵਾਲੀ ਬੈਠਕ ਆਖਰੀ ਹੋਵੇਗੀ।