Farmers protest live updates: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨ ਦਿੱਲੀ ਦੀ ਸਰਹੱਦ ‘ਤੇ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨ ਦਿੱਲੀ-ਹਰਿਆਣਾ ਬਾਰਡਰ ਦੀ ਸੀਮਾ ਸਿੰਘੁ ਬਾਰਡਰ ‘ਤੇ ਡਟੇ ਹੋਏ ਹਨ । ਕੁਝ ਕਿਸਾਨ ਦਿੱਲੀ ਦੇ ਨਿਰੰਕਾਰੀ ਸਮਗਾਮ ਮੈਦਾਨ ਵਿੱਚ ਮੌਜੂਦ ਹਨ। ਸ਼ਨੀਵਾਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਹੁਣ ਸਿੰਘੁ ਬਾਰਡਰ ‘ਤੇ ਪ੍ਰਦਰਸ਼ਨ ਕਰਨਗੇ ਅਤੇ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਨਹੀਂ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਰੋਜ਼ਾਨਾ ਸਵੇਰੇ 11 ਵਜੇ ਮਿਲਣਗੇ ਅਤੇ ਅੱਗੇ ਦੀ ਰਣਨੀਤੀ ਦਾ ਫੈਸਲਾ ਕਰਨਗੇ.
ਇਸ ਵਿਚਾਲੇ ਸਿੰਘੁ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ । ਸਿੰਘੁ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ । ਸਰਕਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਹਿ ਰਹੀ ਹੈ, ਉਹ ਇੱਥੋਂ ਉੱਠ ਕੇ ਬੁਰਾੜੀ ਜਾਣ, ਜਿੱਥੋਂ ਉਨ੍ਹਾਂ ਨਾਲ ਗੱਲ ਕੀਤੀ ਜਾਵੇਗੀ, ਪਰ ਪ੍ਰਦਰਸ਼ਨਕਾਰੀ ਕਿਸਾਨ ਮੰਨਣ ਲਈ ਤਿਆਰ ਨਹੀਂ ਹਨ । ਉੱਥੇ ਹੀ ਦੂਜੇ ਪਾਸੇ ਗਾਜੀਆਬਾਦ-ਦਿੱਲੀ ਸਰਹੱਦ ‘ਤੇ ਵੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਜਾਰੀ ਹੈ । ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪ੍ਰਦਰਸ਼ਨ ਤਾਂ ਰਾਮਲੀਲਾ ਮੈਦਾਨ ਵਿਖੇ ਕੀਤਾ ਜਾਂਦਾ ਹੈ ਤਾਂ ਸਾਨੂੰ ਨਿਰੰਕਾਰੀ ਮੈਦਾਨ ਕਿਉਂ ਭੇਜਿਆ ਜਾ ਰਿਹਾ ਹੈ, ਜੋ ਇੱਕ ਨਿੱਜੀ ਸੰਸਥਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਅੱਜ ਇੱਥੇ ਹੀ ਰਹਾਂਗੇ।
ਬਸਪਾ ਪ੍ਰਧਾਨ ਮਾਇਆਵਤੀ ਤੋਂ ਬਾਅਦ ਸ਼ਿਵ ਸੈਨਾ ਵੀ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆ ਗਈ ਹੈ । ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ ਹੈ, ਅਜਿਹਾ ਲੱਗਦਾ ਹੈ ਕਿ ਉਹ ਦੇਸ਼ ਦੇ ਨਹੀਂ ਬਲਕਿ ਬਾਹਰ ਦੇ ਕਿਸਾਨ ਹਨ । ਉਨ੍ਹਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਵਿਵਹਾਰ ਕਰਨਾ ਦੇਸ਼ ਦੇ ਕਿਸਾਨਾਂ ਦਾ ਅਪਮਾਨ ਹੈ।
ਦੱਸ ਦੇਈਏ ਕਿ ਯੂਪੀ ਦੀ ਸਾਬਕਾ ਸੀਐਮ ਮਾਇਆਵਤੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਆਈ ਹੈ । ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਹਾਲ ਹੀ ਵਿੱਚ ਲਾਗੂ ਕੀਤੇ ਗਏ ਤਿੰਨ ਕਾਨੂੰਨਾਂ ਕਾਰਨ ਦੇਸ਼ ਭਰ ਵਿੱਚ ਕਿਸਾਨ ਕਾਫ਼ੀ ਨਾਰਾਜ਼ ਅਤੇ ਪ੍ਰੇਸ਼ਾਨ ਹਨ। ਇਸ ਦੇ ਮੱਦੇਨਜ਼ਰ ਜੇ ਕੇਂਦਰ ਸਰਕਾਰ ਕਿਸਾਨਾਂ ਦੀ ਸਹਿਮਤੀ ਤੋਂ ਬਿਨ੍ਹਾਂ ਬਣੇ ਇਨ੍ਹਾਂ ਕਾਨੂੰਨਾਂ ‘ਤੇ ਮੁੜ ਵਿਚਾਰ ਕਰੇ ਤਾਂ ਇਹ ਬਿਹਤਰ ਹੈ।