Farmers protest LIVE updates: ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 26ਵਾਂ ਦਿਨ ਹੈ। ਕਿਸਾਨ ਅੱਜ ਭੁੱਖ ਹੜਤਾਲ ਕਰਨਗੇ । ਰੋਜ਼ਾਨਾ 11 ਕਿਸਾਨ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠਣਗੇ । ਹਰਿਆਣਾ ਵਿੱਚ 25 ਤੋਂ 27 ਦਸੰਬਰ ਤੱਕ ਟੋਲ ਫ੍ਰੀ ਕੀਤੇ ਜਾਣਗੇ । ਇਸਦਾ ਐਲਾਨ ਕਿਸਾਨਾਂ ਵੱਲੋਂ ਐਤਵਾਰ ਨੂੰ ਕੀਤਾ ਗਿਆ । ਇਸ ਤੋਂ ਸਿਰਫ 5 ਘੰਟੇ ਬਾਅਦ ਸਰਕਾਰ ਨੇ ਗੱਲਬਾਤ ਦੇ ਸੱਦੇ ਲਈ ਇੱਕ ਪੱਤਰ ਭੇਜਿਆ। ਇਸ ਵਿੱਚ ਕਿਸਾਨਾਂ ਨੂੰ ਤਰੀਕ ਤੈਅ ਕਰਨ ਲਈ ਕਿਹਾ ਗਿਆ ਹੈ । ਇਸ ਬਾਰੇ ਕਿਸਾਨ ਅੱਜ ਫੈਸਲਾ ਲੈਣਗੇ।
ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬੰਗਾਲ ਵਿੱਚ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕਿਸਾਨਾਂ ਵਿਚਾਲੇ ਇੱਕ ਦੋ ਦਿਨਾਂ ਵਿੱਚ ਮੀਟਿੰਗ ਹੋ ਸਕਦੀ ਹੈ। ਦੂਜੇ ਪਾਸੇ ਕਿਸਾਨ ਨੇਤਾਵਾਂ ਨੇ ਐਤਵਾਰ ਨੂੰ ਕੁੰਡਲੀ ਬਾਰਡਰ ‘ਤੇ ਬੈਠਕ ਕਰਨ ਤੋਂ ਬਾਅਦ ਐਲਾਨ ਕੀਤਾ ਕਿ 27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਤੱਕ ਮਨ ਕੀ ਬਾਤ ਕਰਨਗੇ ਕਿਸਾਨ ਤਾਲੀ-ਥਾਲੀ ਵਜਾਉਣਗੇ ।
ਦੱਸ ਦੇਈਏ ਕਿ ਬੀਤੇ ਦਿਨ ਕਿਸਾਨਾਂ ਨੇ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ 23 ਦਸੰਬਰ ਨੂੰ ਕਿਸਾਨ ਦਿਵਸ ਮਨਾਇਆ ਜਾਵੇਗਾ । ਕਿਸਾਨ ਜੱਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਇਸ ਦਿਨ ਦੇਸ਼ ਭਰ ਦੇ ਲੋਕ ਇੱਕ ਦਿਨ ਦਾ ਵਰਤ ਰੱਖਣ । 26 ਅਤੇ 27 ਦਸੰਬਰ ਨੂੰ ਕਿਸਾਨ NDA ਵਿੱਚ ਸ਼ਾਮਿਲ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਸਰਕਾਰ ‘ਤੇ ਦਬਾਅ ਬਣਾਉਣ ਅਤੇ ਤਿੰਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ।ਅਜਿਹਾ ਨਾ ਕਰਨ ‘ਤੇ ਉਨ੍ਹਾਂ ਦੇ ਵਿਰੁੱਧ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਜਾਣਗੇ । ਅਡਾਨੀ-ਅੰਬਾਨੀ ਦਾ ਬਾਈਕਾਟ ਜਾਰੀ ਰਹੇਗਾ। ਇਸ ਤੋਂ ਇਲਾਵਾ ਆੜ੍ਹਤੀਆਂ ‘ਤੇ ਛਾਪੇਮਾਰੀ ਦੇ ਵਿਰੋਧ ਵਿੱਚ ਕਿਸਾਨ ਇਨਕਮ ਟੈਕਸ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕਰਨਗੇ।