Farmers protest live updates: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ । ਅੱਜ ਰਾਜਸਥਾਨ ਦੇ ਕਿਸਾਨਾਂ ਨੇ ਵੀ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ । ਕਿਸਾਨਾਂ ਨੇ ਕਿਹਾ ਹੈ ਕਿ ਉਹ ਜੈਪੁਰ-ਦਿੱਲੀ ਹਾਈਵੇ ਨੂੰ ਜਾਮ ਕਰ ਦੇਣਗੇ, ਇਸਦੇ ਨਾਲ ਹੀ ਕਿਸਾਨਾਂ ਨੇ 14 ਦਸੰਬਰ ਨੂੰ ਭੁੱਖ ਹੜਤਾਲ ਕਰਨ ਦਾ ਵੀ ਐਲਾਨ ਕੀਤਾ ਹੈ । ਇਸ ਵਿਚਾਲੇ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ 12 ਦਿਨਾਂ ਤੋਂ ਬੰਦ ਪਏ ਦਿੱਲੀ-ਨੋਇਡਾ ਚਿੱਲਾ ਬਾਰਡਰ ਹੁਣ ਖੋਲ੍ਹ ਦਿੱਤਾ ਗਿਆ ਹੈ । ਸ਼ਨੀਵਾਰ ਨੂੰ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਸਰਹੱਦ ਖੋਲ੍ਹਣ ਲਈ ਇੱਕ ਸਮਝੌਤਾ ਹੋਇਆ ।
ਦਰਅਸਲ, ਰਾਜਸਥਾਨ ਦੇ ਸ਼ਾਹਜਹਾਨਪੁਰ ਵਿੱਚ 12 ਦਿਨਾਂ ਤੋਂ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਜਿੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਉਹ ਜਗ੍ਹਾ ਰਾਜਸਥਾਨ-ਹਰਿਆਣਾ ਬਾਰਡਰ ਜੈਸਿੰਘਪੁਰ-ਖੇਰਾ ਦੇ ਨੇੜੇ ਹੈ । ਕਿਸਾਨ ਹੁਣ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਹੇ ਹਨ । ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਸਥਾਨ ਅਤੇ ਹਰਿਆਣਾ ਤੋਂ ਹੋਰ ਕਿਸਾਨਾਂ ਦੀ ਉਡੀਕ ਹੈ । ਜਿਵੇਂ ਹੀ ਉਹ ਕਿਸਾਨ ਆਉਣਗੇ ਉਹ ਦਿੱਲੀ ਕੂਚ ਕਰਨਗੇ।
ਇਸ ਤੋਂ ਇਲਾਵਾ ਜੈਪੁਰ ਤੋਂ ਕਿਸਾਨਾਂ ਦੇ ਕੂਚ ਦੀ ਖਬਰ ਤੋਂ ਹਰਿਆਣਾ ਪੁਲਿਸ ਅਲਰਟ ‘ਤੇ ਹੈ। ਰੇਵਾੜੀ ਦੇ ਐਸਪੀ ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਨਾਲ ਲਗਾਤਾਰ ਤਾਲਮੇਲ ਬਣਾਈ ਰੱਖ ਰਹੀ ਹੈ । ਉਨ੍ਹਾਂ ਕਿਹਾ ਕਿ ਭਿਵਾੜੀ ਅਤੇ ਰੇਵਾੜੀ ਟ੍ਰੈਫਿਕ ਨੂੰ ਮੋੜਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇੱਥੇ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਨਾ ਤਾਂ ਇੱਥੇ ਇਕੱਠੇ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅੱਗੇ ਵਧਣ ਦਿੱਤਾ ਜਾਵੇਗਾ । ਰਿਵਾੜੀ ਵਿੱਚ ਤਿੰਨ ਕੰਪਨੀ ਅਰਧ ਸੈਨਿਕ ਬਲਾਂ ਅਤੇ ਜ਼ਿਲ੍ਹਾ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ । ਭਾਰੀਆਂ ਗੱਡੀਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਡਬਲ ਲੇਅਰ ਸੁਰੱਖਿਆ ਹੈ ਅਤੇ ਜੇ ਲੋੜ ਪਈ ਤਾਂ ਬਾਰਡਰ ਨੂੰ ਅੱਧੇ ਘੰਟੇ ਵਿੱਚ ਬੰਦ ਕੀਤਾ ਜਾ ਸਕਦਾ ਹੈ।