farmers protest meeting today: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਮੰਗ ਸਬੰਧੀ ਸ਼ਨੀਵਾਰ ਸਵੇਰੇ ਸੀਨੀਅਰ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਸ਼ਾਮਿਲ ਹੋਏ ਹਨ। ਸ਼ਨੀਵਾਰ ਨੂੰ ਇਹ ਮੀਟਿੰਗ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਦੇ ਪੰਜਵੇਂ ਦੌਰ ਤੋਂ ਪਹਿਲਾਂ ਹੋਈ ਹੈ। ਅਮਿਤ ਸ਼ਾਹ, ਰਾਜਨਾਥ ਸਿੰਘ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਦੀ ਇਹ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਨਾਲ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਕਰੀਬ ਦੋ ਘੰਟੇ ਚੱਲੀ। ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਦੇ ਘਰ ਪਹੁੰਚੇ ਸਨ।
ਸੂਤਰਾਂ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਵਿੱਚ ਕੁੱਝ ਸੋਧਾਂ ਦੀ ਪੇਸ਼ਕਸ਼ ਕਰ ਸਕਦੀ ਹੈ। ਕਾਂਟਰੈਕਟ ਫਾਰਮਿੰਗ ਵਿੱਚ ਵਿਵਾਦ ਹੋਣ ਦੀ ਸਥਿਤੀ ਵਿੱਚ, ਐਸਡੀਐਮ ਦੀ ਬਜਾਏ ਸਿਵਲ ਕੋਰਟ ਜਾਣ ਦੀ ਆਗਿਆ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਨਵੇਂ ਖੇਤੀਬਾੜੀ ਕਾਨੂੰਨ ਵਿੱਚ ਐਸਡੀਐਮ ਕੋਲ ਵਿਵਾਦ ਸੁਲਝਾਉਣ ਲਈ ਵਿਵਸਥਾ ਹੈ। ਅਦਾਲਤ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਪੈਨ ਕਾਰਡ ਦੀ ਬਜਾਏ ਪ੍ਰਾਈਵੇਟ ਖਰੀਦਦਾਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ, ਏਪੀਐਮਸੀ ਯਾਨੀ ਮੰਡੀਆਂ ਨੂੰ ਮਜ਼ਬੂਤ ਕਰਨਾ, ਐਮਐਸਪੀ ‘ਤੇ ਖਰੀਦ ਜਾਰੀ ਰੱਖਣ ਦਾ ਲਿਖਤੀ ਭਰੋਸਾ, ਪਰਾਲੀ ਸਾੜਨ ‘ਤੇ ਇੱਕ ਕਰੋੜ ਰੁਪਏ ਦੇ ਜੁਰਮਾਨੇ ਦੀ ਰਿਆਇਤ, ਬਿਜਲੀ ਕਾਨੂੰਨ ਦੀ ਮੰਗ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਅੱਜ ਕੇਂਦਰ ਨਾਲ ਹੋਈ ਮੀਟਿੰਗ ਵਿੱਚ ਕਿਸਾਨਾਂ ਦੀਆਂ ਸ਼ੰਕਾਵਾਂ ਦੂਰ ਹੋ ਜਾਣਗੀਆਂ। ਹਾਲ ਹੀ ਦੀਆਂ ਮੀਟਿੰਗਾਂ ਵਿੱਚ ਕੁੱਝ ਮੁੱਦਿਆਂ ਨੂੰ ਸਪੱਸ਼ਟ ਕੀਤਾ ਗਿਆ ਸੀ। ਇਹ ਵਿਰੋਧੀਆਂ ਦੀ ਰਾਜਨੀਤੀ ਹੈ, ਉਹ ਵਿਰੋਧ ਪ੍ਰਦਰਸ਼ਨ ਨੂੰ ਭੜਕਾ ਰਹੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮੁਲਾਕਾਤ ਚੰਗੀ ਰਹੇਗੀ ਅਤੇ ਅਸੀਂ ਆਸ ਕਰਦੇ ਹਾਂ ਕਿ ਕਿਸਾਨ ਆਪਣਾ ਵਿਰੋਧ ਵਾਪਿਸ ਲੈ ਲੈਣਗੇ।