Farmers protest rahul gandhi : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਇੱਕ ਮੀਟਿੰਗ ਅੱਜ ਸੋਮਵਾਰ ਨੂੰ ਹੋ ਰਹੀ ਹੈ। ਅੱਜ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚਾਰ ਵਟਾਂਦਰੇ ਲਈ ਅੱਠਵੇਂ ਦੌਰ ਦੀ ਬੈਠਕ ਸ਼ੁਰੂ ਹੋ ਗਈ ਹੈ।
ਅੰਦੋਲਨ ਦੇ ਵਿਚਕਾਰ ਸਿਆਸਤ ਵੀ ਜਾਰੀ ਹੈ। ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਨੂੰ ਘੇਰਨ ਦੋ ਕੋਸ਼ਿਸ ਕਰ ਰਹੀਆਂ ਹਨ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਲਗਾਤਾਰ ਮੋਦੀ ਸਰਕਾਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ, ਕਾਂਗਰਸ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਗੱਲਬਾਤ ਦੇ ਨਵੇਂ ਦੌਰ ਤੋਂ ਪਹਿਲਾਂ ਦੋਸ਼ ਲਗਾਇਆ ਕਿ ਸਰਕਾਰ ਸਰਦੀਆਂ ਅਤੇ ਬਾਰਿਸ਼ ਦੇ ਵਿਚਕਾਰ ਸੜਕਾਂ ਤੇ ਬੈਠੇ ਕਿਸਾਨਾਂ ਪ੍ਰਤੀ ਬੇਰਹਿਮੀ ਵਾਲਾ ਵਿਵਹਾਰ ਕਰ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ ਨੇਤਾ, ਰਾਹੁਲ ਗਾਂਧੀ ਟਵਿੱਟਰ ‘ਤੇ ਕਵਿਤਾਵਾਂ ਰਾਹੀਂ ਕਈ ਵਾਰ ਕਿਸਾਨਾਂ ਨੂੰ ਉਤਸ਼ਾਹਤ ਕਰਦੇ ਰਹੇ ਹਨ। ਇਸ ਵਾਰ ਵੀ ਰਾਹੁਲ ਗਾਂਧੀ ਨੇ ਟਵਿਟਰ ‘ਤੇ ਕੁੱਝ ਲਾਈਨਾਂ ਲਿਖ ਇਸ ਮੁੱਦੇ’ ਤੇ ਸਰਕਾਰ ਨੂੰ ਘੇਰਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, “ਸਰਦੀਆਂ ਦੀ ਤੇਜ਼ ਬਾਰਿਸ਼ ਵਿੱਚ, ਟੈਂਟ ਦੀ ਚੋਂ ਰਹੀ ਛੱਤ ਹੇਠਾਂ, ਜੋ ਬੈਠੇ ਨੇ ਸੁੰਗੜ ਕੇ, ਉਹ ਨਿਡਰ ਕਿਸਾਨ ਆਪਣੇ ਹੀ ਨੇ, ਗੈਰ ਨਹੀਂ ਸਰਕਾਰ ਦੀ ਬੇਰਹਿਮੀ ਦੇ ਦ੍ਰਿਸ਼ਾਂ ਵਿੱਚ, ਹੁਣ ਵੇਖਣ ਲਈ ਕੁੱਝ ਵੀ ਨਹੀਂ ਬਚਿਆ।” ਦੱਸ ਦੇਈਏ ਕਿ ਕਾਂਗਰਸ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਟਵਿੱਟਰ ‘ਤੇ ਕਵਿਤਾਵਾਂ ਪੋਸਟ ਕਰਕੇ ਮੋਦੀ ਸਰਕਾਰ ਦਾ ਘਿਰਾਓ ਕਰ ਚੁੱਕੇ ਹਨ। ਹਾਲ ਹੀ ਵਿੱਚ, ਰਾਹੁਲ ਗਾਂਧੀ ਨੇ ਕਿਸਾਨੀ ਲਹਿਰ ਦੀ ਤੁਲਨਾ ਚੰਪਾਰਨ ਲਹਿਰ ਨਾਲ ਵੀ ਕੀਤੀ ਸੀ।