Farmers protest updates: ਕੇਂਦਰ ਦੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਹੋਏ ਕਿਸਾਨ ਅੰਦੋਲਨ ਦਾ ਅੱਜ 6ਵਾਂ ਦਿਨ ਹੈ । ਹਰਿਆਣਾ ਨਾਲ ਲੱਗਦੇ ਦਿੱਲੀ ਦੇ ਸਿੰਘੁ ਤੇ ਟਿਕਰੀ ਬਾਰਡਰ ਨੂੰ ਪੁਲਿਸ ਨੇ ਅੱਜ ਲਗਾਤਾਰ ਦੂਜੇ ਦਿਨ ਬੰਦ ਕਰ ਰੱਖਿਆ ਹੋਇਆ ਹੈ। ਕਿਸਾਨਾਂ ਨਾਲ 3 ਦਸੰਬਰ ਨੂੰ ਗੱਲਬਾਤ ਕਰਨ ‘ਤੇ ਅੜੀ ਸਰਕਾਰ ਨੇ ਸੋਮਵਾਰ ਨੂੰ ਜ਼ਿੱਦ ਛੱਡ ਦਿੱਤੀ ਅਤੇ 1 ਦਸੰਬਰ ਨੂੰ ਭਾਵ ਅੱਜ ਦੁਪਹਿਰ 3 ਵਜੇ 32 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਬੁਲਾਇਆ ਹੈ । ਇਸ ਬਾਰੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 13 ਨਵੰਬਰ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਏ ਕਿਸਾਨ ਨੇਤਾਵਾਂ ਨੂੰ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ । ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਕਿਸਾਨ ਆਗੂ ਮਿਲ ਕੇ ਅਗਲੀ ਰਣਨੀਤੀ ਤੈਅ ਕਰਨਗੇ।
ਦਰਅਸਲ, ਸਰਕਾਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਸਮੇਤ ਕੁਝ ਹੋਰ ਮੰਤਰੀ ਵੀ ਮੌਜੂਦ ਹੋ ਸਕਦੇ ਹਨ । ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਜੋ ਇਸ ਕਾਨੂੰਨ ਬਾਰੇ ਵਿਸਥਾਰ ਨਾਲ ਗੱਲ ਕਰਨਗੇ, ਉਹ ਵੀ ਮੌਜੂਦ ਰਹਿਣਗੇ।
ਉੱਥੇ ਹੀ ਦੂਜੇ ਪਾਸੇ ਇਸ ਮੀਟਿੰਗ ਨੂੰ ਲੈ ਕੇ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸੰਯੁਕਤ ਸਕੱਤਰ ਸੁਖਵਿੰਦਰ ਐੱਸ ਸਭਾਰਨ ਦਾ ਕਹਿਣਾ ਹੈ ਕਿ ਦੇਸ਼ ਵਿੱਚ ਤਕਰੀਬਨ 500 ਕਿਸਾਨ ਸੰਗਠਨ ਆਵਾਜ਼ ਬੁਲੰਦ ਕਰ ਰਹੇ ਹਨ, ਪਰ ਸਰਕਾਰ ਨੇ ਸਿਰਫ 32 ਸੰਗਠਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ । ਅਜਿਹੀ ਸਥਿਤੀ ਵਿੱਚ ਜਦੋਂ ਤੱਕ ਸਾਰਿਆਂ ਨੂੰ ਬੁਲਾਇਆ ਨਹੀਂ ਜਾਂਦਾ, ਅਸੀਂ ਨਹੀਂ ਜਾਵਾਂਗੇ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਹ ਸਾਰੀਆਂ ਸੰਸਥਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਸਰਕਾਰ ਦੇ ਸੱਦੇ ‘ਤੇ ਸੋਚਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਬਿੱਲਾਂ ਖ਼ਿਲਾਫ਼ ਪੰਜਾਬ ਵਿੱਚ ਤਾਂ ਪ੍ਰਦਰਸ਼ਨ ਪਹਿਲਾਂ ਤੋਂ ਹੀ ਚੱਲ ਰਿਹਾ ਸੀ, ਪਰ 6 ਦਿਨ ਪਹਿਲਾਂ ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਕੂਚ ਕਰ ਦਿੱਤੀ । ਪੁਲਿਸ ਨੇ ਉਨ੍ਹਾਂ ਨੂੰ ਬਾਰਡਰ ‘ਤੇ ਹੀ ਰੋਕ ਦਿੱਤਾ ।
ਇਹ ਵੀ ਦੇਖੋ: ਅਮਿਤ ਸ਼ਾਹ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਫੋਨ ਕਰ ਦਿੱਤਾ ਮੀਟਿੰਗ ਲਈ ਸੱਦਾ ਹੁਣ ਨਿਕਲੇਗਾ ਕੋਈ ਹੱਲ