Farmers Protest Updates: ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 17ਵਾਂ ਦਿਨ ਹੈ। ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਚੁੱਕੇ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ । ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ । ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਣੇ ਕਈ ਥਾਵਾਂ ‘ਤੇ ਕਿਸਾਨਾਂ ਨੂੰ ਟੋਲ ਫ੍ਰੀ ਕਰਨ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਜੱਥੇ ਦਿੱਲੀ ਕੂਚ ਕਰਨ ਵਿੱਚ ਲੱਗੇ ਹੋਏ ਹਨ । ਕਰਨਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਕਿਸਾਨਾਂ ਨੇ ਬਸਤਰਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ । ਇਸ ਦੇ ਨਾਲ ਹੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਹਾਈਵੇ ਅਤੇ ਟੋਲ ਪਲਾਜ਼ਿਆਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਪੂਰੇ ਦੇਸ਼ ਵਿੱਚ ਰੋਜ਼ਾਨਾ ਪ੍ਰਦਰਸ਼ਨ ਹੋਣਗੇ । ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 14 ਤਰੀਕ ਨੂੰ ਧਰਨੇ ਦਿੱਤੇ ਜਾਣਗੇ, ਜੋ ਧਰਨੇ ਵਿੱਚ ਸ਼ਾਮਿਲ ਨਹੀਂ ਹੋਵੇਗਾ, ਉਹ ਦਿੱਲੀ ਕੂਚ ਕਰੇਗਾ । 12 ਤਰੀਕ ਨੂੰ ਜੈਪੁਰ-ਦਿੱਲੀ ਹਾਈਵੇ ਰੋਕਿਆ ਜਾਵੇਗਾ ਅਤੇ 12 ਤਰੀਕ ਨੂੰ ਹੀ ਇੱਕ ਦਿਨ ਲਈ ਦੇਸ਼ ਭਰ ਦੇ ਟੋਲ ਪਲਾਜ਼ਾ ਮੁਫਤ ਕੀਤੇ ਜਾਣਗੇ।
ਜੇਕਰ ਇੱਥੇ ਖੇੜਕੀ ਦੌਲਾ ਟੋਲ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਇੱਥੇ ਸਥਿਤੀ ਸਧਾਰਣ ਹੈ। ਕਿਸਾਨਾਂ ਨੇ 11 ਵਜੇ ਟੋਲ ‘ਤੇ ਪ੍ਰਦਰਸ਼ਨ ਕਰਕੇ ਟੋਲ ਫ੍ਰੀ ਕਰਨ ਦੀ ਚੇਤਾਵਨੀ ਦਿੱਤੀ ਸੀ, ਹਾਲਾਂਕਿ ਹਾਲੇ ਵੀ ਜੈਪੁਰ ਐਕਸਪ੍ਰੈਸ ਵੇਅ ‘ਤੇ ਸਥਿਤ ਖੇੜਕੀ ਦੌਲਾ ਟੌਲ ਪਲਾਜ਼ਾ ‘ਤੇ ਸਥਿਤੀ ਆਮ ਵਾਂਗ ਹੈ । ਵਾਹਨਾਂ ਦੀ ਆਵਾਜਾਈ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਹੈ। ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਟੋਲ ‘ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਇਸੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਅੱਜ ਪੁੱਛਿਆ ਗਿਆ ਕਿ ਕੀ ਦੇਸ਼ ਵਿਰੋਧੀ ਤੱਤ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਹਨ ? ਤਾਂ ਉਨ੍ਹਾਂ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਜੇ ਪਾਬੰਦੀਸ਼ੁਦਾ ਸੰਗਠਨ ਦੇ ਲੋਕ ਸਾਡੇ ਵਿਚਕਾਰ ਘੁੰਮ ਰਹੇ ਹਨ, ਤਾਂ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਪਾ ਦਿਓ। ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਉਨ੍ਹਾਂ ਨੂੰ ਫੜਨਾ ਚਾਹੀਦਾ ਹੈ। ਸਾਨੂੰ ਇੱਥੇ ਅਜਿਹਾ ਕੋਈ ਵੀ ਵਿਅਕਤੀ ਨਹੀਂ ਮਿਲਿਆ, ਜੇ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਿਆ ਤਾਂ ਅਸੀਂ ਉਨ੍ਹਾਂ ਨੂੰ ਵਾਪਸ ਭੇਜ ਦਿਆਂਗੇ।
ਇਹ ਵੀ ਦੇਖੋ: ਅੱਜ ਤੋਂ ਮੁੜ ਹੋਣਗੇ ਹਾਈਵੇਅ ਜਾਮ, ਕਿਸਾਨਾਂ ਦੀ ਸਟੇਜ ਤੋਂ ਸੁਣੋ ਕੀ ਕੀ ਹੈ ਤਿਆਰੀ