Farmers protest updates: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 24 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਹਜ਼ਾਰਾਂ ਕਿਸਾਨ ਦਿੱਲੀ ਦੀ ਸਰਹੱਦ ‘ਤੇ ਡਟੇ ਹੋਏ ਹਨ।
ਕੇਂਦਰ ਦੀ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ, ਪਰ ਕਿਸਾਨਾਂ ਦੀ ਮੰਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਹੀ ਗੱਲਬਾਤ ਸੰਭਵ ਹੈ। ਇਸ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਹੁਣ ਕਿਸਾਨਾਂ ਨੇ ਅਪਡੇਟ ਰਹਿਣ ਲਈ ਖੁਦ ਕੁੱਝ ਸਹੂਲਤਾਂ ਤਿਆਰ ਕੀਤੀਆਂ ਹਨ। ਸਿੰਘੂ ਅਤੇ ਯੂਪੀ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨ ਫ਼ੋਨ ਚਾਰਜ ਕਰਨ ਅਤੇ ਟੀ ਵੀ ਦੇਖਣ ਲਈ ਆਪਣੀ ਟਰਾਲੀਆਂ ਵਿੱਚ ਵੱਧ ਤੋਂ ਵੱਧ ਸੋਲਰ ਪੈਨਲਾਂ ਦੀ ਵਰਤੋਂ ਕਰ ਰਹੇ ਹਨ। ਅੰਦੋਲਨ ‘ਚ ਸ਼ਾਮਿਲ ਕਿਸਾਨ ਟਰੈਕਟਰ-ਟਰਾਲੀ ਵਿੱਚ ਲਗਾਏ ਗਏ ਟੀਵੀ ‘ਤੇ ਖੇਤੀਬਾੜੀ ਮੰਤਰੀ ਦੇ ਬਿਆਨਾਂ ਅਤੇ ਕਿਸਾਨ ਅੰਦੋਲਨ ਨਾਲ ਜੁੜੀਆਂ ਸਾਰੀਆਂ ਖਬਰਾਂ ਦੇਖ ਅਪਡੇਟ ਹੋ ਰਹੇ ਹਨ।
ਦੱਸ ਦੇਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਾਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਖ਼ਬਰਾਂ ਦਾ ਹੀ ਪਤਾ ਨਹੀਂ ਹੋਵੇਗਾ ਤਾਂ ਅਗਲੇ ਦਿਨ ਦੀ ਤਿਆਰੀ ਕਿਵੇਂ ਕਰਾਂਗੇ? ਅਸੀਂ ਹਵਾ ‘ਚ ਤੀਰ ਨਹੀਂ ਮਾਰਾਂਗੇ, ਇਸ ਲਈ ਇਹ ਮਹੱਤਵਪੂਰਣ ਹੈ ਕਿ ਸਾਡਾ ਨਿਸ਼ਾਨਾ ਸਾਡੇ ਸਾਮ੍ਹਣੇ ਸਾਫ਼ ਹੋਵੇ!” ਮਹੱਤਵਪੂਰਣ ਗੱਲ ਇਹ ਹੈ ਕਿ ਟਰਾਲੀ ਦੀ ਛੱਤ ‘ਤੇ ਸੋਲਰ ਸਿਸਟਮ ਲਗਾ ਕੇ ਭਾਰੀ ਬੈਟਰੀ ਲਗਾਈ ਗਈ ਹੈ ਅਤੇ ਡਿਸ਼ ਦੀ ਮਦਦ ਨਾਲ ਟੀਵੀ ਨੂੰ ਸੈਟੇਲਾਈਟ ਨੈਟਵਰਕ ਮਿਲ ਰਿਹਾ ਹੈ। ਕਿਸਾਨਾਂ ਨੇ ਟਰਾਲੀ ਨੂੰ ਹੀ ਘਰ ਵਾਂਗ ਬਣਾ ਲਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਖ਼ਬਰ ਨੂੰ ਵੇਖ ਰਹੇ ਹਾਂ, ਅਤੇ ਇਸ ਆਸ ਵਿੱਚ ਬੈਠੇ ਰਹਿੰਦੇ ਹਾਂ ਕਿ ਕਦੋ ਸਾਡੇ ਹੱਕ ਵਿੱਚ ਕੋਈ ਫੈਸਲਾ ਲਿਆ ਜਾਵੇਗਾ। ਕਿਸਾਨਾਂ ਦੇ ਅਨੁਸਾਰ, ਅਸੀਂ ਸਾਰੀਆਂ ਚੀਜ਼ਾਂ ਤੋਂ ਪੂਰੀ ਤਰਾਂ ਜਾਣੂ ਹਾਂ। ਦਸੰਬਰ ਦੇ ਮਹੀਨੇ ਵਿੱਚ ਠੰਡੀਆਂ ਹਵਾਵਾਂ ਤੋਂ ਬਚਣ ਲਈ, ਕਿਸਾਨਾਂ ਨੇ ਆਪਣੀ ਟਰਾਲੀ ਨੂੰ ਤਰਪਾਲਾਂ ਨਾਲ ਢੱਕਿਆ ਹੋਇਆ ਹੈ। ਸਿੰਘੂ ਸਰਹੱਦ ‘ਤੇ ਟਰਾਲੀਆਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਬਣਾਏ ਗਏ ਹਨ ਅਤੇ ਹਜ਼ਾਰਾਂ ਕਿਸਾਨਾਂ ਦੇ ਮੋਬਾਈਲ ਵੀ ਮੁਫਤ ਚਾਰਜ ਕੀਤੇ ਜਾ ਰਹੇ ਹਨ।
ਅੰਦੋਲਨ ਵਿੱਚ ਡਟੇ ਕਿਸਾਨਾਂ ਨੂੰ ਦਿੱਲੀ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ ਅਤੇ ਉਹ ਵੀ ਕਿਸਾਨਾਂ ਨੂੰ ਮੁਫਤ ਬਿਜਲੀ ਉਪਲੱਬਧ ਕਰਵਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਜਗ੍ਹਾ ਦੀਆਂ ਲਾਈਟਾਂ ਅਤੇ ਇੰਟਰਨੈਟ ਬੰਦ ਕਰ ਦਿੱਤੇ ਹਨ।” ਹਰਿਆਣਾ ਦੇ ਕਿਸਾਨ ਰਾਣਾ ਗੁਰਮਿੰਦਰ ਦਾ ਕਹਿਣਾ ਹੈ ਕਿ “ਅਸੀਂ ਸਾਰੇ ਪੜ੍ਹੇ-ਲਿਖੇ ਕਿਸਾਨ ਹਾਂ, ਖ਼ਬਰਾਂ ਦੇਖਦੇ ਰਹਿੰਦੇ ਹੈ। ਅਨਪੜ੍ਹ ਕਿਸਾਨਾਂ ਦਾ ਸਮਾਂ ਖਤਮ ਹੋ ਗਿਆ ਹੈ।” ਮਹੱਤਵਪੂਰਣ ਗੱਲ ਇਹ ਹੈ ਕਿ ਅੱਜ ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨ ਅੰਦੋਲਨ ਦਾ 24 ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਕਈ ਵਾਰ ਗੱਲਬਾਤ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਮਿਲਿਆ। ਇਸ ਦੇ ਨਾਲ ਹੀ, ਵੱਡੀ ਗਿਣਤੀ ਵਿਚ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕਰਦਿਆਂ ਸਖਤ ਠੰਡ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।