Farmers will celebrate Shaheedi Diwas: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 117 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਹਨ । ਅੱਜ ਕਿਸਾਨ ਇੱਥੇ ਸ਼ਹੀਦੀ ਦਿਵਸ ਮਨਾਉਣਗੇ । ਇਸ ਮੌਕੇ ਦੇਸ਼ ਦੇ ਨੌਜਵਾਨ ਦਿੱਲੀ ਦੀਆਂ ਧਰਨੇ ਵਾਲੀਆਂ ਥਾਵਾਂ ‘ਤੇ ਪਹੁੰਚਣਗੇ। ਇਸ ਮੌਕੇ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਵਿਚਾਰਾਂ ‘ਤੇ ਚਰਚਾ ਕੀਤੀ ਜਾਵੇਗੀ।
ਤਿੰਨ ਦਿਨ ਪਹਿਲਾਂ ਹਰਿਆਣਾ ਦੇ ਹਾਂਸੀ ਦੀ ਇਤਿਹਾਸਕ ਲਾਲ ਰੋਡ ਤੋਂ ਕਿਸਾਨ ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਭਤੀਜੀ ਗੁਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ । ਹਾਂਸੀ ਦੇ ਸੈਂਕੜੇ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਲੋਕ ਇਸ ਯਾਤਰਾ ਦੀ ਹਮਾਇਤ ਵਿੱਚ ਸ਼ਾਮਿਲ ਹੋਏ । ਇਹ ਸਾਰੇ ਲੋਕ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚਣਗੇ । ਕਿਸਾਨ ਇਸ ਪੈਦਲ ਯਾਤਰਾ ਵਿੱਚ ਕਿਸਾਨ ਲਗਾਤਾਰ ਸ਼ਾਮਿਲ ਹੋ ਰਹੇ ਹਨ।
ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਸ਼ਹੀਦੀ ਦਿਵਸ ਮਨਾਉਂਦੇ ਹੋਏ ਕਿਸਾਨ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਰਣਨੀਤੀ ਬਾਰੇ ਵੀ ਵਿਚਾਰ-ਵਟਾਂਦਰੇ ਕਰਨਗੇ। ਸੰਯੁਕਤ ਕਿਸਾਨ ਮੋਰਚਾ ਨੇ 26 ਮਾਰਚ ਨੂੰ ਭਾਰਤ ਬੰਦ ਲਈ ਰਣਨੀਤੀ ਬਣਾਉਣ ਲਈ ਵੱਖ-ਵੱਖ ਜਨਤਕ ਸੰਗਠਨਾਂ ਅਤੇ ਐਸੋਸੀਏਸ਼ਨਾਂ ਨਾਲ ਪਿਛਲੇ ਹਫਤੇ ਮੁਲਾਕਾਤ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਅੰਦੋਲਨ ਦੇ ਚਾਰ ਮਹੀਨੇ 26 ਮਾਰਚ ਨੂੰ ਪੂਰੇ ਹੋਣ ‘ਤੇ ਦੇਸ਼ ਵਿਆਪੀ ਬੰਦ ਦੇ ਸੱਦੇ ਦੌਰਾਨ ਵੀ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ 12 ਘੰਟੇ ਬੰਦ ਰਹਿਣਗੇ । ਇਸ ਤੋਂ ਬਾਅਦ 28 ਮਾਰਚ ਨੂੰ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਦਾ ਹੋਲਿਕਾ ਦਹਿਨ ਕੀਤਾ ਜਾਵੇਗਾ ।