ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ।ਇਸ ਦੌਰਾਨ ਯੂਪੀ ਗੇਟ ਗਾਜ਼ੀਪੁਰ ਬਾਰਡਰ ‘ਤੇ ਸਵੇਰੇ ਕਿਸਾਨਾਂ ਅਤੇ ਬੀਜੇਪੀ ਵਰਕਰਾਂ ਦੌਰਾਨ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ।ਇਸ ‘ਚ ਗੱਡੀਆਂ ‘ਚ ਭੰਨ-ਤੋੜ ਅਤੇ ਕੁਝ ਲੋਕਾਂ ਦੇ ਸੱਟਾਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਬੀਜੇਪੀ ਦੇ ਕੁਝ ਵਰਕਰ ਬੀਜੇਪੀ ਨੇਤਾ ਅਮਿਸ ਵਾਲਮੀਕਿ ਦੇ ਸਵਾਗਤ ‘ਚ ਅੰਦੋਲਨ ਸਥਾਨ ਦੇ ਮੌਜੂਦ ਸਨ, ਢੋਲ ਨਗਾੜੇ ਵਜਾ ਕੇ ਉਨਾਂ੍ਹ ਦਾ ਸਵਾਗਤ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਕਿਸਾਨਾਂ ਨੇ ਉਨਾਂ੍ਹ ਦਾ ਵਿਰੋਧ ਕਰਦਿਆਂ ਉਨਾਂ੍ਹ ਨੂੰ ਕਾਲੇ ਝੰਡੇ ਦਿਖਾਏ।ਇਸ ਦੌਰਾਨ ਕਿਸਾਨਾਂ ਅਤੇ ਬੀਜੇਪੀ ਵਰਕਰਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ।ਇਸ ਦੌਰਾਨ ਬੀਜੇਪੀ ਵਰਕਰਾਂ ਨੇ ਕਿਸਾਨਾਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰਾਕੇਸ਼ ਟਿਕੈਤ ਦੇ ਸਮਰਥਕਾਂ ਨੇ ਹਥਿਆਰਾਂ ਸਮੇਤ ਉਨਾਂ੍ਹ ‘ਤੇ ਹਮਲਾ ਕੀਤਾ ਅਤੇ ਸਾਡੀਆਂ ਭੈਣਾਂ ਨਾਲ ਕੁੱਟਮਾਰ ਕੀਤੀ, ਜਿਸ ਕਰਕੇ ਕਈ ਔਰਤਾਂ ਨੂੰ ਸੱਟਾਂ ਲੱਗੀਆਂ ਹਨ।
ਬੀਜੇਪੀ ਨੇਤਾ ਨੇ ਕਿਸਾਨਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਸਾਡੀਆਂ 70-80 ਗੱਡੀਆਂ ਦੀ ਭੰਨਤੋੜ ਕੀਤੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਕੁਝ ਵਰਕਰ ਅੰਦੋਲਨ ਸਥਾਨ ‘ਤੇ ਪਹੁੰਚ ਕੇ ਕਿਸਾਨਾਂ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ, ਤਾਂ ਕਿਸਾਨਾਂ ਅਤੇ ਉਨ੍ਹਾਂ ਵਿਚਾਲੇ ਕੁੱਟਮਾਰ ਹੋਈ।ਕਿਸਾਨਾ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ, ਭਾਜਪਾ ਵਰਕਰ ਗਾਲੀ-ਗਲੋਚ ਕਰ ਰਹੇ ਸਨ।
ਕਿਸਾਨਾਂ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਤਾਂ ਉਨ੍ਹਾਂ ਨੇ ਕਿਸਾਨਾਂ ‘ਤੇ ਪੱਥਰਬਾਜ਼ੀ ਕੀਤੀ।ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਪ੍ਰਧਾਨ ਰਾਜਵੀਰ ਸਿੰਘ ਜਾਦੌਨ ਨੇ ਦੱਸਿਆ ਕਿ, ਭਾਜਪਾ ਦੇ ਕੁਝ ਵਰਕਰ ਝੰਡੇ ਲੈ ਕੇ ਅੰਦੋਲਨ ਸਥਾਨ ਪਹੁੰਚੇ।ਉਸ ਦੌਰਾਨ ਕਿਸਾਨਾਂ ਵਿਚਾਲੇ ਕੁੱਟਮਾਰ ਹੋਈ, ਅਸੀਂ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਕਰਾਂਗੇ।ਸਾਡੇ ‘ਤੇ ਹਮਲਾ ਹੋਵੇ ਅਤੇ ਅਸੀਂ ਸ਼ਿਕਾਇਤ ਨਾ ਕਰੀਏ, ਅਜਿਹਾ ਨਹੀਂ ਹੋ ਸਕਦਾ।