FIR on 25 schools teacher: ਸਰਕਾਰੀ ਨੌਕਰੀ ਹਰੇਕ ਦਾ ਇੱਕ ਉਹ ਸੁਪਨਾ ਹੈ ਜੋ ਕਿਸੇ ਖੁਸ਼ਨਸੀਬ ਦਾ ਹੀ ਪੂਰਾ ਹੁੰਦਾ ਹੈ। ਦਿਨ-ਰਾਤ ਮਿਹਨਤ ਤੋਂ ਬਾਅਦ ਵੀ ਕਈ ਵਾਰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਬੀਐਡ ਦੀਆਂ ਡਿਗਰੀਆਂ ਨਾਲ ਵੀ ਬੇਰੁਜ਼ਗਾਰ ਘੁੰਮਦੇ ਨੌਜਵਾਨ ਮਾੜੇ ਹਲਾਤਾਂ ਵੱਲ ਇਸ਼ਾਰਾ ਕਰਦਾ ਹੈ। ਅਜਿਹੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜਿਸਨੂੰ ਸੁਣਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਕ ਜਾਂ ਦੋ ਨਹੀਂ, ਸਗੋਂ 25 ਸਰਕਾਰੀ ਸਕੂਲਾਂ ‘ਚ ਇੱਕੋ ਸਮੇਂ ਨੌਕਰੀ ਕਰਨ ਵਾਲੀ ਅਧਿਆਪਕਾ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਜੋ ਸਿੱਖਿਆ ਵਿਭਾਗ ਤੋਂ ਲਗਭਗ 1 ਕਰੋੜ ਰੁਪਏ ਸਾਲਾਨਾ ਤਨਖਾਹ ਵਸੂਲਦੀ ਸੀ।
ਦੱਸ ਦੇਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਹੈ ਜਿੱਥੇ ਸੂਬੇ ਦੇ 25 ਕਸਤੂਰਬਾ ਗਾਂਧੀ ਗਰਲਜ਼ ਸਕੂਲਾਂ (ਕੇਜੀਬੀਵੀ) ‘ਚ ਅਧਿਆਪਿਕਾ ਅਨਾਮਿਕਾ ਸ਼ੁਕਲਾ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਹੀ ਨਹੀਂ ਅਨਾਮਿਕਾ ਦੀ ਥਾਂ ‘ਤੇ ਵੱਖ-ਵੱਖ ਕੇਜੀਬੀਵੀ ‘ਚ ਕੰਮ ਕਰਨ ਵਾਲੀਆਂ ਔਰਤਾਂ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਸੂਬੇ ‘ਚ ਬਣੇ ਗਰੀਬ ਲੜਕੀਆਂ ਦੇ ਕੇਜੀਬੀਵੀ ਸਕੂਲ ‘ਚ ਅਧਿਆਪਕਾਂ ਨੂੰ 30 ਹਜ਼ਾਰ ਰੁਪਏ ਮਾਣ ਭੱਤੇ ‘ਤੇ ਠੇਕੇ ਦੇ ਅਧਾਰ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਮਾਮਲੇ ਦੀ ਜਾਣਕਾਰੀ ਓਦੋਂ ਮਿਲੀ ਜਦੋਂ ਵਿਭਾਗ ਨੇ ਅਧਿਆਪਕਾਂ ਦਾ ਡਾਟਾਬੇਸ ਬਣਾਉਣਾ ਸ਼ੁਰੂ ਕੀਤਾ। ਜਿਸ ‘ਚ ਖੁਲਾਸਾ ਹੋਇਆ ਕਿ ਪੂਰਨ-ਸਮੇਂ ਅਧਿਆਪਿਕਾ ਅਮੇਠੀ, ਅੰਬੇਦਕਰ ਨਗਰ, ਰਾਏ ਬਰੇਲੀ, ਪ੍ਰਯਾਗਰਾਜ, ਅਲੀਗੜ੍ਹ ਅਤੇ ਹੋਰ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ 25 ਸਕੂਲਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਸਾਲ ਫ਼ਰਵਰੀ ਤਕ ਟੈਕਸ ਵਿਭਾਗ ਤੋਂ ਧੋਖਾਧੜੀ ਨਾਲ ਤਨਖਾਹ ਲੈਂਦੀ ਰਹੀ।
13 ਮਹੀਨਿਆਂ ਦੀ ਕੁੱਲ ਮਿਲਾਕੇ 1 ਕਰੋੜ ਰੁਪਏ ਤਨਖਾਹ ਲੈਣ ਵਾਲੀ ਅਨਾਮਿਕਾ ਸ਼ੁਕਲਾ 25 ਸਕੂਲਾਂ ਕੰਮ ਕਰਨ ਵਾਲੀ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਵਿਭਾਗ ਵੱਲੋਂ ਅਧਿਆਪਕਾ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਇੱਕੋ ਹੀ ਬੈਂਕ ਖਾਤੇ ‘ਚ ਵੱਖ-ਵੱਖ ਸਕੂਲਾਂ ਤੋਂ ਤਨਖਾਹ ਆਉਂਦੀ ਸੀ। ਇਸ ਸਬੰਧੀ ਯੂਪੀ ਦੇ ਸਿੱਖਿਆ ਮੰਤਰੀ ਡਾ. ਸਤੀਸ਼ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜੇਕਰ ਦੋਸ਼ ਸਹੀ ਨਿਕਲਦੇ ਹਨ ਤਾਂ ਅਧਿਆਪਿਕਾ ਵਿਰੁੱਧ ਸਖ਼ਤ ਕਾਰਵਾਈ ਜਲਦ ਹੋਵੇਗੀ।