Fireworks cracked in Delhi NCR: ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਦਿੱਲੀ ਵਿੱਚ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਵੀ NGT ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਤੱਕ ਦਿੱਲੀ ਵਿੱਚ ਪਟਾਕੇ ਚਲਾਏ ਗਏ । ਸ਼ਨੀਵਾਰ ਨੂੰ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਗੰਭੀਰ ਪੱਧਰ ‘ਤੇ ਪਹੁੰਚ ਗਿਆ । ਪਰਾਲੀ ਅਤੇ ਪਟਾਕਿਆਂ ਕਾਰਨ ਦਿੱਲੀ ਵਿੱਚ ਵਾਤਾਵਰਨ ਦਾ ਪੱਧਰ ਬਦਤਰ ਹੋ ਗਿਆ । ਇਹ ਸਥਿਤੀ ਉਦੋਂ ਹੈ ਜਦੋਂ ਦਿੱਲੀ ਵਿੱਚ NGT ਵੱਲੋਂ 30 ਨਵੰਬਰ ਤੱਕ ਦਿੱਲੀ ਵਿੱਚ ਪਟਾਕੇ ਖਰੀਦਣ ਅਤੇ ਸਾੜਨ ‘ਤੇ ਪਾਬੰਦੀ ਲਗਾਈ ਗਈ ਹੈ।
ਦਰਅਸਲ, ਅੰਕੜਿਆਂ ਅਨੁਸਾਰ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 500 ਨੂੰ ਪਾਰ ਕਰ ਗਿਆ ਹੈ । ਉੱਥੇ ਹੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਹਵਾ ਦਾ ਪੱਧਰ ਬਹੁਤ ਮਾੜੇ ਪੱਧਰ ‘ਤੇ ਪਹੁੰਚ ਗਿਆ। ਦਿੱਲੀ ਦੀ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਅਤੇ ਇਥੋਂ ਤੱਕ ਕਿ AQI ਵੀ ਬਹੁਤ ਮਾੜੇ ਪੱਧਰ ‘ਤੇ ਚਲਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਹਿਰਾਂ ਅਤੇ ਸਰਕਾਰੀ ਏਜੰਸੀਆਂ ਨੇ ਦੀਵਾਲੀ ਦੀ ਰਾਤ ਨੂੰ ਗੰਭੀਰ ਅਨੁਮਾਨ ਲਗਾਇਆ ਸੀ। ਸ਼ਨੀਵਾਰ ਸਵੇਰੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 424 ਭਾਵ ‘ਖਤਰਨਾਕ’ ਸ਼੍ਰੇਣੀ ਵਿੱਚ ਪਾਇਆ ਗਿਆ । ਇਹ ਸਥਿਤੀ ਦਿੱਲੀ ਦੇ ਆਨੰਦ ਵਿਹਾਰ ਖੇਤਰ ਦਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਔਸਤਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 324 ਸੀ । ਵੀਰਵਾਰ, ਬੁੱਧਵਾਰ ਅਤੇ ਮੰਗਲਵਾਰ ਨੂੰ ਇਹ ਕ੍ਰਮਵਾਰ 314, 344 ਅਤੇ 476 ਸੀ।
ਦੱਸ ਦੇਈਏ ਕਿ ਦਿੱਲੀ-ਐਨਸੀਆਰ ਵਿੱਚ 30 ਨਵੰਬਰ ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਪਾਬੰਦੀ ਹੈ । ਨਿਯਮਾਂ ਨੂੰ ਤੋੜਨ ਵਾਲਿਆਂ ਨੂੰ 1 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਵੀ ਹੈ। ਪਰ ਦੀਵਾਲੀ ਦੇ ਦਿਨ ਦਿੱਲੀ ਵਾਸੀਆਂ ਨੇ ਨਿਯਮਾਂ ਨੂੰ ਪਰੇ ਰੱਖ ਕੇ ਖੂਬ ਪਟਾਕੇ ਚਲਾਏ।