Firing at singhu border : ਪਿੱਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪਰ ਐਤਵਾਰ ਦੀ ਰਾਤ ਨੂੰ ਸਿੰਘੂ ਬਾਰਡਰ ‘ਤੇ ਫਾਇਰਿੰਗ ਦੀ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਸਿੰਘੂ ਬਾਰਡਰ ਤੋਂ ਕੁੱਝ ਦੂਰੀ ‘ਤੇ ਹਰਿਆਣਾ ਵੱਲ ਟੀਡੀਆਈ ਗੇਟ ‘ਤੇ ਹੋਈ ਹੈ। ਐਤਵਾਰ ਰਾਤ ਕਰੀਬ 11 ਵਜੇ ਕੁੱਝ ਨੌਜਵਾਨ ਚੰਡੀਗੜ੍ਹ ਨੰਬਰ ਕਾਰ ਰਾਹੀਂ ਪਹੁੰਚੇ ਸਨ। ਜਿਸ ਤੋਂ ਬਾਅਦ ਨੌਜਵਾਨਾਂ ਦੀ ਲੰਗਰ ਵਿੱਚ ਕੁੱਝ ਕਿਸਾਨਾਂ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਇਹ ਨੌਜਵਾਨ ਹਵਾਈ ਫਾਇਰ ਕਰ ਕੇ ਉਥੋ ਭੱਜਣ ਵਿੱਚ ਸਫਲ ਹੋ ਗਏ। ਇਸ ਘਟਨਾ ਬਾਰੇ ਪੁਲਿਸ ਨੂੰ ਰਾਤ 11.30 ਵਜੇ ਸੂਚਿਤ ਕੀਤਾ ਗਿਆ ਸੀ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਮੌਕੇ ‘ਤੇ ਦੇਰ ਨਾਲ ਪਹੁੰਚੀ, ਫਿਲਹਾਲ ਹਰਿਆਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਰਾਹਤ ਭਰੀ ਗੱਲ ਇਹ ਹੈ ਕੇ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਹ ਗੋਲੀਬਾਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਇੱਕ ਦਿਨ ਪਹਿਲਾਂ ਹੋਈ ਹੈ।
ਅੱਜ ਦਿੱਲੀ ਦੀਆ ਸਰਹੱਦਾਂ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਔਰਤਾਂ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਕਿਸਾਨ ਪਹਿਲਾਂ ਨਾਲੋਂ ਵਧੇਰੇ ਸੁਚੇਤ ਹਨ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਟੇਜ ਦਾ ਪ੍ਰਬੰਧਨ ਵੀ ਮਹਿਲਾਵਾਂ ਦੁਆਰਾ ਕੀਤਾ ਜਾ ਰਿਹਾ ਹੈ।