First consignment of Bharat Biotech Covid vaccine: ਭਾਰਤ ਵਿੱਚ ਕੋਵਿਡ-19 ਦੀ ਰੱਖਿਆ ਲਈ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ । ਸਾਰੇ ਰਾਜਾਂ ਵਿੱਚ ਟੀਕਾਕਰਨ ਦੀ ਤਿਆਰੀ ਚੱਲ ਰਹੀ ਹੈ । ਭਾਰਤ ਬਾਇਓਟੈਕ ਦੀ ਕੋਰੋਨਾ ਵਾਇਰਸ ਵੈਕਸੀਨ ‘ਕੋਵੈਕਸਿਨ’ ਦੀ ਪਹਿਲੀ ਖੇਪ ਅੱਜ ਸਵੇਰੇ ਹੈਦਰਾਬਾਦ ਤੋਂ ਦਿੱਲੀ ਅਤੇ 10 ਹੋਰ ਸ਼ਹਿਰਾਂ ਲਈ ਭੇਜੀ ਗਈ । ਸੀਰਮ ਇੰਸਟੀਚਿਊਟ ਨੇ ਮੰਗਲਵਾਰ ਤੋਂ ਆਪਣੀ ਵੈਕਸੀਨ ‘ਕੋਵੀਸ਼ਿਲਡ’ ਦੀ ਪਹਿਲੀ ਖੇਪ ਭੇਜਣੀ ਸ਼ੁਰੂ ਕਰ ਦਿੱਤੀ ਸੀ। ‘ਕੋਵੈਕਸਿਨ’ ਦੀ ਪਹਿਲੀ ਖੇਪ ਏਅਰ ਇੰਡੀਆ ਦੀ ਉਡਾਣ ‘ਤੇ ਦਿੱਲੀ ਭੇਜੀ ਗਈ ਹੈ। ਇਸ ਵਿੱਚ 80.5 ਕਿੱਲੋਗ੍ਰਾਮ ਦੇ ਤਿੰਨ ਬਕਸੇ ਹਨ।
ਨਿਊਜ਼ ਏਜੰਸੀ ਅਨੁਸਾਰ ਇੱਕ ਅਧਿਕਾਰੀ ਨੇ ਦੱਸਿਆ ਕਿ ਵੈਕਸੀਨ ਦੀ ਪਹਿਲੀ ਖੇਪ ਬੁੱਧਵਾਰ ਸਵੇਰੇ 6:40 ਵਜੇ ਏਅਰ ਇੰਡੀਆ ਦੀ ਉਡਾਣ ਨੰਬਰ AI 559 ਤੋਂ ਵੈਕਸੀਨ ਦੇ ਪਹਿਲੇ ਕੰਸਾਈਨਮੈਂਟ ਨੂੰ ਹੈਦਰਾਬਾਦ ਤੋਂ ਦਿੱਲੀ ਭੇਜਿਆ ਗਿਆ ਹੈ। ਦਿੱਲੀ ਤੋਂ ਇਲਾਵਾ ਕੋਵੈਕਸੀਨ ਦੀ ਖੇਪ ਵੀ ਬੈਂਗਲੁਰੂ, ਚੇੱਨਈ, ਪਟਨਾ, ਜੈਪੁਰ ਅਤੇ ਲਖਨਊ ਵੀ ਭੇਜੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅੱਜ ਕੁੱਲ 14 ਖੇਪਾਂ ਭੇਜੀਆਂ ਜਾਣਗੀਆਂ।
ਸਿਹਤ ਮੰਤਰਾਲੇ ਦੇ ਅਨੁਸਾਰ ਕੋਵੈਕਸੀਨ ਦੀਆਂ 55 ਲੱਖ ਅਤੇ ਕੋਵੀਸ਼ੀਲਡ ਦੀਆਂ 1.1 ਕਰੋੜ ਖੁਰਾਕਾਂ ਖਰੀਦੀਆਂ ਜਾ ਰਹੀਆਂ ਹਨ। ਇਨ੍ਹਾਂ ਦੋਵੇਂ ਵੈਕਸੀਨ ਨੂੰ DCGI ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਭਾਰਤ ਬਾਇਓਟੈਕ ਨੇ ICMR ਨਾਲ ਸਾਂਝੇ ਮੁਹਿੰਮ ਤਹਿਤ ਇਸ ਟੀਕੇ ਦਾ ਵਿਕਾਸ ਕੀਤਾ ਹੈ । ਭਾਰਤ ਬਾਇਓਟੈਕ ਸ਼ੁਰੂਆਤੀ 38.5 ਲੱਖ ਖੁਰਾਕਾਂ ਲਈ ਪ੍ਰਤੀ ਖੁਰਾਕ 295 ਰੁਪਏ ਲੈ ਰਹੀ ਹੈ। ਕੰਪਨੀ ਨੇ ਕੇਂਦਰ ਸਰਕਾਰ ਨੂੰ 16.5 ਲੱਖ ਖੁਰਾਕ ਮੁਫਤ ਦੇਣ ਦਾ ਫੈਸਲਾ ਵੀ ਕੀਤਾ ਹੈ।