Fit India Dialogue 2020: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿੱਟ ਇੰਡੀਆ ਡਾਇਲਾਗ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿੱਟਨੈੱਸ ਨੂੰ ਲੈ ਕੇ ਦੇਸ਼ ਦੀਆਂ ਕਈ ਮਸ਼ਹੂਰ ਸ਼ਖਸੀਅਤਾਂ ਨਾਲ ਗੱਲਬਾਤ ਕਰਨਗੇ । ਇਸ ਪ੍ਰੋਗਰਾਮ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਿਲ ਹੋਣਗੇ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਅੱਜ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ‘ਤੇ ਕਈ ਪ੍ਰਭਾਵਸ਼ਾਲੀ ਲੋਕਾਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਅੱਜ ਦੁਪਹਿਰ 12 ਵਜੇ ਸ਼ੁਰੂ ਹੋਵੇਗਾ । ਇਸ ਪ੍ਰੋਗਰਾਮ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਪੋਸ਼ਣ, ਸਰੀਰਕ ਸਿਹਤ, ਮਾਨਸਿਕ ਕਲਿਆਣ ਨਾਲ ਜੁੜੇ ਪਹਿਲੂਆਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਦਿਲਚਸਪ ਫਿਟ ਇੰਡੀਆ ਡਾਇਲਾਗ ਲੈ ਕੇ ਆ ਰਹੇ ਹਾਂ ।
ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਹੋਰ ਲੋਕਾਂ ਤੋਂ ਉਨ੍ਹਾਂ ਦੀ ਫਿੱਟਨੈੱਸ ਦੇ ਮੰਤਰ ਵੀ ਪੁੱਛੇ ਗਏ ਹਨ। ਜੇ ਕੋਈ ਵਿਅਕਤੀ ਫਿੱਟਨੈੱਸ ‘ਤੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ, ਤਾਂ ਉਹ MyGov ‘ਤੇ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਓਪਨ ਫਾਰਮ ‘ਤੇ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਫਿਟ ਇੰਡੀਆ ਡਾਇਲਾਗ ਪ੍ਰੋਗਰਾਮ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਦੇਸ਼ ਦੇ ਕਈ ਨਾਮੀ ਲੋਕ ਵੀ ਸ਼ਾਮਿਲ ਹੋਣ ਜਾ ਰਹੇ ਹਨ।
ਦੱਸ ਦੇਈਏ ਕਿ ਫਿਟ ਇੰਡੀਆ ਡਾਇਲਾਗ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਵਿੱਚ ਮਾਡਲ ਮਿਲਿੰਦ ਸੋਮਨ ਵੀ ਸ਼ਾਮਿਲ ਹਨ, ਜੋ ਆਪਣੀ ਫਿੱਟਨੈੱਸ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਮਸ਼ਹੂਰ ਡਾਇਟੀਸ਼ੀਅਨ ਰੁਜੂਤਾ ਦਿਵੇਕਰ, ਪੈਰਾਲੰਪਿਅਨ ਸੋਨ ਤਗਮਾ ਦੇਵੇਂਦਰ ਝਾਜਰੀਆ, ਫੁੱਟਬਾਲਰ ਅਫਸ਼ਾਨ ਆਸ਼ਿਕ, ਸਵਾਮੀ ਸ਼ਿਵਾਧਿਆਨਮ ਸਰਸਵਤੀ, ਮੁਕੁਲ ਕਾਂਤੀਕਰ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਾਮਿਲ ਹੋਣਗੇ।