FM Nirmala Sitharaman in Lok Sabha: ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਨੂੰ ਦੇਸ਼ ਨੂੰ ‘ਸਵੈ-ਨਿਰਭਰ’ ਬਣਾਉਣ ਲਈ ਭੂਮਿਕਾ ਵਜੋਂ ਦੱਸਿਆ ਹੈ। ਸੀਤਾਰਮਨ ਨੇ ਲੋਕ ਸਭਾ ਵਿੱਚ ਬਜਟ ‘ਤੇ ਹੋਏ ਵਿਚਾਰ-ਵਟਾਂਦਰੇ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੁਣੌਤੀਪੂਰਨ ਹਾਲਾਤ ਵੀ ਸਰਕਾਰ ਨੂੰ ਸੁਧਾਰ ਦੇ ਕਦਮ ਚੁੱਕਣ ਤੋਂ ਨਹੀਂ ਰੋਕ ਸਕੇ । ਉਨ੍ਹਾਂ ਇਹ ਵੀ ਕਿਹਾ ਕਿ ਸੁਧਾਰ ਦੇ ਕਦਮਾਂ ਨੂੰ ਚੁੱਕਣ ਦਾ ਉਦੇਸ਼ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚੋਂ ਇੱਕ ਬਣਾਉਣਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਦਨ ਵਿੱਚ ਰਹੇ।
ਵਿੱਤ ਮੰਤਰੀ ਨੇ ਕਿਹਾ ਕਿ ਅਰਥ ਵਿਵਸਥਾ ਵਿੱਚ ਆਈ ਮੰਦੀ ਦੇ ਮੱਦੇਨਜ਼ਰ ਇਹ ਬਜਟ ਕਈ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆਂਦਾ ਗਿਆ ਹੈ ਅਤੇ ਇਸ ਬਜਟ ਨੇ ਭਾਰਤ ਦੇ ਸਵੈ-ਨਿਰਭਰ ਬਣਨ ਦੀ ਭੂਮਿਕਾ ਰੱਖੀ ਹੈ। ਕੁਝ ਦੂਜੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਹਾਲੇ ਵੀ ਜਾਰੀ ਹੈ, ਪਰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਿਸ ਢੰਗ ਨਾਲ ਕੰਮ ਕੀਤਾ ਗਿਆ ਅਤੇ ਇੱਥੇ ਸਥਿਤੀ ਨਾਲ ਕਿਵੇਂ ਨਜਿੱਠਿਆ ਗਿਆ ਹੈ, ਉਸਦਾ ਨਤੀਜਾ ਹੈ ਕਿ ਆਰਥਿਕਤਾ ਅੱਗੇ ਵੱਧ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਲੋਕ ਸਭਾ ਵਿੱਚ ਸੀਤਾਰਮਨ ਨੇ ਨਾਮ ਲਏ ਬਿਨ੍ਹਾਂ ਵਿਰੋਧੀ ਪਾਰਟੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ । ਉਨ੍ਹਾਂ ਕਿਹਾ ਕਿ ਕਿਸਾਨ ਸਨਮਾਨ ਨਿਧੀ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾ ਕੇ ਕੁਝ ਨਹੀਂ ਹੋਵੇਗਾ। ਸੀਤਾਰਮਨ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ, ਪੂੰਜੀ ਨਿਰਮਾਣ ਕਰਨ ਵਾਲੇ ਉੱਦਮੀਆਂ ਬਾਰੇ ਵੀ ਗੱਲ ਕੀਤੀ। ਇਨ੍ਹਾਂ ਉੱਦਮੀਆਂ ਤੋਂ ਬਿਨਾਂ ਆਰਥਿਕਤਾ ਕਿਵੇਂ ਚੱਲੇਗੀ? ਵਾਰ-ਵਾਰ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਇਸ ਬਜਟ ਵਿੱਚ ਖੇਤੀਬਾੜੀ ‘ਚ ਅਲਾਟਮੈਂਟ ਕਿਉਂ ਘਟਾਇਆ ਗਿਆ? ਇਹ ਚੀਜ਼ ਨੂੰ ਗਲਤ ਢੰਗ ਨਾਲ ਰੱਖਿਆ ਗਿਆ ਹੈ। ਤੁਸੀਂ ਕਿਸਾਨਾਂ ਬਾਰੇ ਚਿੰਤਤ ਨਹੀਂ ਹੋ? ਉਨ੍ਹਾਂ ਕਿਹਾ ਕਿ ਇਹ ਸਹੀ ਢੰਗ ਨਾਲ ਨਹੀਂ ਸਮਝਿਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਸ਼ੁਰੂਆਤ ਤੋਂ ਹੀ 1.15 ਲੱਖ ਕਰੋੜ ਰੁਪਏ 10.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ।
ਇਹ ਵੀ ਦੇਖੋ: ਹਰਿਆਣਵੀਆਂ ਦੇ ਵੱਡੇ ਜਿਗਰੇ, 70 ਲੱਖ ਦੀਆਂ ਦੇਸੀ ਘੀ ਦੀਆਂ ਕਿਸਾਨਾਂ ਨੂੰ ਖਵਾਤੀਆਂ ਜਲੇਬੀਆਂ