ਕਸ਼ਮੀਰ ਵਿੱਚ ਦੋ ਸਿੱਖ ਕੁੜੀਆਂ ਨੂੰ ਕਥਿਤ ਤੌਰ ‘ਤੇ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿਸ ਤੋਂ ਬਾਅਦ ਵਾਦੀ ਵਿੱਚ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ ।
ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਦੀਆਂ ਦੋ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰ ਕੇ ਮੁਸਲਮਾਨ ਬਣਾ ਲਿਆ ਗਿਆ ਹੈ । ਜਿਸ ਕਾਰਣ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਕਸ਼ਮੀਰ ਵਿੱਚ ਲਵ ਜਹਾਦ ਦਾ ਦੋਸ਼ ਲਗਾਇਆ ਗਿਆ ਹੈ ਤੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਤੋਂ ਉੱਤਰ ਪ੍ਰਦੇਸ਼ ਵਰਗਾ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ।
ਇਸ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਐਤਵਾਰ ਨੂੰ ਸ੍ਰੀਨਗਰ ਪਹੁੰਚੇ। ਸ਼੍ਰੀਨਗਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਮੁੱਦਾ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਚੁੱਕਿਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ ।
ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀਨਗਰ ਪਹੁੰਚ ਕੇ ਪੂਰੇ ਮਾਮਲੇ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਨੇ ਉੱਥੇ ਪਹੁੰਚ ਕੇ ਕਸ਼ਮੀਰ ਵਿੱਚ ਜਾਰੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਤੇ ਬਾਅਦ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਵੀ ਉੱਤਰ ਪ੍ਰਦੇਸ਼ ਦੀ ਤਰ੍ਹਾਂ ਲਵ ਜਹਾਦ ਵਿਰੋਧੀ ਕਾਨੂੰਨ ਬਣਨਾ ਚਾਹੀਦਾ ਹੈ ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਨਾਂ ‘ਤੇ ਧਰਮ ਤਬਦੀਲ ਕਰਨ ਵਾਲੀਆਂ ਦੋ ਲੜਕੀਆਂ ਵਿੱਚ ਇੱਕ ਲੜਕੀ ਮਹਿਜੂਰ ਨਗਰ ਦੀ ਹੈ ਤੇ ਦੂਜੀ ਰੈਨਾਵਾੜੀ ਦੀ ਹੈ । ਰੈਨਾਵਾੜੀ ਦੀ ਲੜਕੀ ਦੇ ਮਾਮਲੇ ਨੇ ਵਾਦੀ ਵਿੱਚ ਸਿੱਖਾਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕੀਤਾ ।
ਇਹ ਵੀ ਪੜ੍ਹੋ: Big Breaking: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 5 ਜੁਲਾਈ ਤੱਕ ਵਧਾਇਆ ਲਾਕਡਾਊਨ
ਇਸ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ ਚੇਅਰਮੈਨ ਸੰਤ ਪਾਲ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚ ਲਵ ਜਹਾਦ ਚੱਲ ਰਿਹਾ ਹੈ। ਬਹੁਗਿਣਤੀ ਭਾਈਚਾਰੇ ਦੇ ਮੌਲਵੀ, ਉਲੇਮਾ ਤੇ ਹੋਰ ਸਨਮਾਨਿਤ ਨਾਗਰਿਕਾਂ ਨੂੰ ਸਾਡੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਰੈਨਾਵਾੜੀ ਦੀ ਲੜਕੀ ਨੂੰ ਵਰਗਲਾਇਆ ਗਿਆ ਹੈ ਨਹੀਂ ਤਾਂ ਕੋਈ ਲੜਕੀ ਜਿਸ ਦੀ ਉਮਰ 18 ਸਾਲ ਹੋਵੇ ਉਹ ਪਹਿਲਾਂ ਹੀ ਦੋ ਵਾਰ ਵਿਆਹੇ ਬਾਲ ਬੱਚੇਦਾਰ ਵਿਅਕਤੀ ਨਾਲ ਵਿਆਹ ਕਿਉਂ ਕਰੇਗੀ? ਜਦੋਂ ਉਹ ਲੜਕੀ ਅਗਵਾ ਹੋਈ ਤਾਂ ਪੁਲਿਸ ਨੇ ਪਤਾ ਲਾਉਣ ਵਿੱਚ ਦੇਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਬਰਾਮਦ ਕੀਤਾ ਗਿਆ ਤਾਂ ਉਸ ਦਾ ਧਰਮ ਬਦਲਿਆ ਜਾ ਚੁੱਕਾ ਸੀ । ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਗਿਆ।