ਸਾਬਕਾ ਹਵਾਈ ਸੈਨਾ ਮੁਖੀ ਰਾਕੇਸ਼ ਕੁਮਾਰ ਭਦੌਰੀਆ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅਕਤੂਬਰ 2019 ਵਿਚ ਉਨ੍ਹਾਂ ਨੇ ਹਵਾਈ ਸੈਨਾ ਦੀ ਕਮਾਨ ਸੰਭਾਲੀ ਸੀ। ਉਸ ਤੋਂ ਪਹਿਲਾਂ ਉਹ ਉਪ ਹਵਾਈ ਸੈਨਾ ਦੇ ਮੁਖੀ ਸਨ। ਰੱਖਿਆ ਮੰਤਰੀ ਰਾਜਨਾਤ ਸਿੰਘ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਭਦੌਰੀਆ ਨਾਲ ਸਾਬਕਾ ਸਾਂਸਦ ਤਿਰੂਪਤੀ ਸ਼੍ਰੀ ਵਾਰਾਪ੍ਰਸਾਦ ਰਾਵ ਨੇ ਵੀ ਭਾਜਪਾ ਜੁਆਇਨ ਕਰ ਲਈ।
ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਉਮੀਦਵਾਰਾਂ ਦੀ ਅਗਲੀ ਸੂਚੀ ਵਿਚ ਭਦੌਰੀਆ ਦਾ ਨਾਂ ਸ਼ਾਮਲ ਹੋ ਸਕਦਾ ਹੈ। ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਗਾਜ਼ੀਆਬਾਦ ਦੀ ਸੀਟ ਤੋਂ ਸਾਬਕਾ ਫੌਜ ਮੁਖੀ ਵੀਕੇ ਸਿੰਘ ਦੀ ਜਗ੍ਹਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਭਾਜਪਾ ਜੁਆਇਨ ਕਰਨ ‘ਤੇ ਰਾਕੇਸ਼ ਕੁਮਾਰ ਭਦੌਰੀਆ ਨੇ ਕਿਹਾ ਕਿ ਭਾਜਪਾ ਨੇ ਮੇਰੀ ਸੇਵਾ ਦੌਰਾਨ ਫੌਜ ਨੂੰ ਕਈ ਸੁਨਿਹਰੀ ਮੌਕੇ ਦਿੱਤੇ ਹਨ।
ਦੱਸ ਦੇਈਏ ਕਿ ਆਰਕੇ ਭਦੌਰੀਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਸੂਰਜਪਾਲ ਸਿੰਘ ਏਅਰਫੋਰਸ ਵਿਚ ਮਾਸਟਰ ਵਾਰੰਟ ਆਫਿਸਰ ਸਨ। ਉਨ੍ਹਾਂ ਦੀ ਧੀ ਸੋਨਾਲੀ ਵੀ ਪਾਇਲਟ ਹੈ। ਦੇਸ਼ ਵਿਚ ਰਾਫੇਲ ਲਿਆਉਣ ਵਿਚ ਉਨ੍ਹਾਂ ਦੀ ਭੂਮਿਕਾ ਦੱਸੀ ਜਾਂਦੀ ਹੈ। ਆਰਕੇ ਭਦੌਰੀਆ ਦੇ ਬਾਅਦ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਹਵਾਈ ਸੈਨਾ ਮੁਖੀ ਬਣੇ ਸਨ। ਸਤੰਬਰ 2019 ਤੋਂ ਸਤੰਬਰ 2021 ਤੱਕ ਉਹ ਹਵਾਈ ਸੈਨਾ ਮੁਖੀ ਦੇ ਅਹੁਦੇ ‘ਤੇ ਰਹੇ। ਭਦੌਰੀਆ ਉਸ ਟੀਮ ਦਾ ਹਿੱਸਾ ਸਨ ਜੋ ਕਿ ਰਾਫੇਲ ਜੈੱਟ ਲਈ ਫਰਾਂਸ ਨਾਲ ਗੱਲਬਾਤ ਕਰ ਰਹੀ ਸੀ।
ਇਹ ਵੀ ਪੜ੍ਹੋ : ਰਸੇਲ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ‘ਚ ਅਜਿਹਾ ਕਾਰਨਾਮਾ ਕਰਨ ਵਾਲਾ ਬਣਿਆ ਪਹਿਲਾ ਬੱਲੇਬਾਜ
ਜ਼ਿਕਰਯੋਗ ਹੈ ਕਿ ਭਾਜਪਾ ਹੁਣ ਤੱਕ 291 ਉਮੀਦਵਾਰ ਐਲਾਨ ਚੁੱਕੀ ਹੈ। ਜਲਦ ਹੀ ਉਹ 5ਵੀਂ ਲਿਸਟ ਵੀ ਜਾਰੀ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਵਿਚ ਹੁਣ ਤੱਕ 51 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਤੇ ਬਾਕੀ ਸੀਟਾਂ ‘ਤੇ ਇਸ ਵਾਰ ਦੀ ਲਿਸਟ ਵਿਚ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਇਸ ਲਿਸਟ ਵਿਚ ਗਾਜ਼ੀਆਬਾਦ ਤੇ ਪੀਲੀਭੀਤ ਦੀ ਸੀਟ ‘ਤੇ ਉਮੀਦਵਾਰਾਂ ਦੇ ਨਾਂ ਸਪੱਸ਼ਟ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: