Former J&K Governor Jaghmohan: ਜੰਮੂ-ਕਸ਼ਮੀਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਇੱਥੋਂ ਦੇ ਸਾਬਕਾ ਰਾਜਪਾਲ ਜਗਮੋਹਨ ਮਲਹੋਤਰਾ ਦਾ ਅੱਜ ਦਿਹਾਂਤ ਹੋ ਗਿਆ। 94 ਸਾਲਾਂ ਮਲਹੋਤਰਾ ਕੁਝ ਦਿਨਾਂ ਤੋਂ ਬਿਮਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਵਿੱਚ ਆਖਰੀ ਸਾਹ ਲਏ । ਜੰਮੂ ਕਸ਼ਮੀਰ ਦੇ ਰਾਜਪਾਲ ਹੋਣ ਤੋਂ ਇਲਾਵਾ ਜਗਮੋਹਨ ਕੇਂਦਰੀ ਮੰਤਰੀ ਵੀ ਸਨ । ਉਹ ਦਿੱਲੀ ਅਤੇ ਗੋਆ ਦੇ ਉਪ ਰਾਜਪਾਲ ਵੀ ਰਹੇ ਸਨ । ਜਗਮੋਹਨ ਲੋਕ ਸਭਾ ਵਿੱਚ ਵੀ ਚੁਣੇ ਗਏ ਸਨ । ਉਨ੍ਹਾਂ ਨੇ ਸ਼ਹਿਰੀ ਵਿਕਾਸ ਅਤੇ ਸੈਰ-ਸਪਾਟਾ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਸੀ । ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਗਵਰਨਰ ਦਾ ਅਹੁਦਾ ਦੀ ਵਾਰ ਸੰਭਾਲਿਆ ਸੀ । ਉਹ 1984 ਤੋਂ 1989 ਤੱਕ ਤੇ ਫਿਰ 1990 ਵਿੱਚ ਜਨਵਰੀ ਤੋਂ ਮਈ ਤੱਕ ਇਸ ਅਹੁਦੇ ‘ਤੇ ਰਹੇ ਸੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਜਪਾ ਨੇ ਜਦੋਂ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਸਮੇਂ ਅਮਿਤ ਸ਼ਾਹ ਅਤੇ ਮੌਜੂਦਾ ਭਾਜਪਾ ਪ੍ਰਧਾਨ ਜੇਪੀ ਨੱਡਾ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਮਲਹੋਤਰਾ ਨਾਲ ਮੁਲਾਕਾਤ ਕਰਨ ਲਈ ਚਾਣਕਿਆਪੁਰੀ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਸਨ । ਅਮਿਤ ਸ਼ਾਹ ਨੇ ਸੰਪਰਕ ਮੁਹਿੰਮ ਦੀ ਸ਼ੁਰੂਆਤ ਜਗਮੋਹਨ ਨਾਲ ਮੁਲਾਕਾਤ ਕਰਦਿਆਂ ਕੀਤੀ ਸੀ । ਜਗਮੋਹਨ ਨੂੰ ਪਹਿਲੀ ਵਾਰ 1984 ਵਿੱਚ ਕਾਂਗਰਸ ਸਰਕਾਰ ਨੇ ਰਾਜਪਾਲ ਵਜੋਂ ਭੇਜਿਆ ਸੀ।
ਦੱਸ ਦੇਈਏ ਕਿ ਰਾਜਪਾਲ ਰਹਿੰਦਿਆਂ ਜਗਮੋਹਨ ਨੇ ਘਾਟੀ ਵਿੱਚ ਕਈ ਸਖਤ ਫੈਸਲੇ ਲਏ । ਅੱਤਵਾਦੀਆਂ ਖਿਲਾਫ ਕਾਰਵਾਈ ਆਪ੍ਰੇਸ਼ਨ ਦੀ ਵੀ ਰਣਨੀਤੀ ਬਣਾਈ । ਕਸ਼ਮੀਰੀ ਪੰਡਤਾਂ ‘ਤੇ ਅੱਤਿਆਚਾਰ ਵੀ ਰੋਕਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਸਥਾਨਕ ਨੇਤਾਵਾਂ ਦਾ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ।