Former RAW chief Anil Dhasmana: ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਅਨਿਲ ਧਸਮਾਨਾ ਨੂੰ ਰਾਸ਼ਟਰੀ ਤਕਨੀਕੀ ਖੋਜ ਸੰਗਠਨ (NTRO) ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਅਨਿਲ ਧਸਮਾਨਾ ਸ਼ਨੀਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 65 ਸਾਲ ਦੀ ਉਮਰ ਤੱਕ ਰਹੇਗਾ ਅਤੇ ਉਹ NTRO ਨੂੰ ਆਪਣੀ ਸੇਵਾ ਦਿੰਦੇ ਰਹਿਣਗੇ। ਦੱਸ ਦੇਈਏ ਕਿ ਇਹ ਉਹ ਸੰਸਥਾਵਾਂ ਹਨ ਜਿਨ੍ਹਾਂ ‘ਤੇ ਭੂਗੋਲਿਕ ਅਤੇ ਸੈਟੇਲਾਈਟ ਤਸਵੀਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਧਸਮਾਨਾ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ । ਧਸਮਾਨਾ ਅਗਲੇ ਦੋ ਸਾਲਾਂ ਲਈ NTRO ਦੇ ਮੁਖੀ ਹੋਣਗੇ। ਧਸਮਾਨਾ ਸਾਬਕਾ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਸਤੀਸ਼ ਝਾ ਦੀ ਜਗ੍ਹਾ ਲੈਣਗੇ । ਸਤੀਸ਼ ਝਾ ਨੂੰ ਵੀਰਵਾਰ ਨੂੰ ਕਾਰਜ ਮੁਕਤ ਕੀਤਾ ਗਿਆ ਹੈ।
ਦੱਸ ਦੇਈਏ ਕਿ 1981 ਬੈਚ ਦੇ ਮੱਧ ਪ੍ਰਦੇਸ਼ ਕੈਡਰ ਦੇ ਆਈਪੀਐਸ ਅਧਿਕਾਰੀ ਧਸਮਾਨਾ ਨੂੰ ਬਲੂਚਿਸਤਾਨ, ਅੱਤਵਾਦ ਅਤੇ ਇਸਲਾਮੀ ਮਾਮਲਿਆਂ ਵਿੱਚ ਮੁਹਾਰਤ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਕੋਲ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਕੰਮ ਕਰਨ ਦਾ ਵਿਸ਼ਾਲ ਤਜ਼ੁਰਬਾ ਵੀ ਹੈ । ਉਨ੍ਹਾਂ ਨੇ ਤਮਾਮ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਸੇਵਾ ਕੀਤੀ ਹੈ, ਜਿਸ ਵਿੱਚ ਲੰਡਨ ਅਤੇ ਫ੍ਰੈਂਕਫਰਟ ਸ਼ਾਮਿਲ ਹਨ ਅਤੇ ਉਨ੍ਹਾਂ ਨੇ ਸਾਰਕ ਅਤੇ ਯੂਰਪ ਡੈਸਕਾਂ ਦਾ ਵੀ ਪ੍ਰਬੰਧਨ ਕੀਤਾ ਹੈ।