ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਹਾਲੇ ਖਤਮ ਨਹੀਂ ਹੋਇਆ ਹੈ। ਦੇਸ਼ ਵਿੱਚ ਰੋਜ਼ਾਨਾ 15 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੇ ਅੰਕੜੇ ਵੀ ਵਧਦੇ ਜਾ ਰਹੇ ਹਨ। ਇਸਦੇ ਮੱਦੇਨਜ਼ਰ ਸਰਕਾਰ ਨੇ ਬੂਸਟਰ ਡੋਜ਼ ਮੁਫ਼ਤ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿੱਚ ਸ਼ੁੱਕਰਵਾਰ ਯਾਨੀ ਕਿ 15 ਜੁਲਾਈ ਤੋਂ ਕੋਰੋਨਾ ਦੀ ਬੂਸਟਰ ਡੋਜ਼ ਮੁਫ਼ਤ ਵਿੱਚ ਲਗਾਉਣ ਦੀ ਸ਼ੁਰੂਆਤ ਹੋ ਗਈ ਹੈ। ਦੱਸ ਦੇਈਏ ਕਿ ਪਹਿਲਾਂ ਤੀਸਰੀ ਡੋਜ਼ ਲਈ ਪੈਸੇ ਖਰਚਣੇ ਪੈਂਦੇ ਸਨ, ਪਰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਮੋਦੀ ਸਰਕਾਰ ਨੇ ਅਗਲੇ 75 ਦਿਨਾਂ ਤੱਕ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ।
ਜ਼ਿਕਰਯੋਗ ਹੈ ਕਿ ਇਹ ਫੈਸਲਾ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ । ਇਸ ਤੋਂ ਬਾਅਦ ਪੀਐਮ ਮੋਦੀ ਨੇ ਖੁਦ ਟਵੀਟ ਕਰਕੇ ਕਿਹਾ ਸੀ ਕਿ ਵੈਕਸੀਨ ਹੀ ਕੋਰੋਨਾ ਦੇ ਖਿਲਾਫ ਲੜਾਈ ਹੈ। ਇਹ ਫੈਸਲਾ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੰਮ ਕਰੇਗਾ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਵੈਕਸੀਨ ਮੁਫਤ ਲਗਾਈ ਜਾ ਸਕੇਗੀ। ਸਰਕਾਰ ਵੱਲੋਂ ਇਹ ਕਦਮ ਇਸ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਕੋਰੋਨਾ ਦੀ ਪਹਿਲੀ ਅਤੇ ਦੂਜੀ ਵੈਕਸੀਨ ਡੋਜ਼ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਸੀ, ਓਨਾ ਬੂਸਟਰ ਡੋਜ਼ ਨੂੰ ਲੈ ਕੇ ਨਹੀਂ ਦੇਖਿਆ ਗਿਆ।
ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਹ ਆਮ ਲੋਕਾਂ ਨੂੰ ਮੁਫਤ ਨਹੀਂ ਲਗਾਈ ਜਾ ਰਹੀ ਸੀ, ਇਸ ਲਈ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਸਨ । ਇਸ ਦੇ ਨਾਲ ਹੀ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਕਮੀ ਦੇ ਕਾਰਨ ਲੋਕਾਂ ਵਿੱਚ ਅਜਿਹੀ ਲਾਪਰਵਾਹੀ ਦੇਖਣ ਨੂੰ ਮਿਲੀ। ਹਾਲਾਂਕਿ ਬਹੁਤ ਸਾਰੇ ਸਿਹਤ ਮਾਹਰ ਵਾਰ-ਵਾਰ ਚੇਤਾਵਨੀ ਦੇ ਰਹੇ ਹਨ ਕਿ ਲੋਕਾਂ ਨੂੰ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਬੂਸਟਰ ਡੋਜ਼ ਲੈਣੀ ਚਾਹੀਦੀ ਹੈ, ਕਿਉਂਕਿ ਦੇਸ਼ ਵਿੱਚੋਂ ਕੋਰੋਨਾ ਦਾ ਖਾਤਮਾ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ ਵੈਕਸੀਨ ਦੀਆਂ 199 ਕਰੋੜ ਤੋਂ ਵੱਧ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਜਿਸ ਵਿੱਚ ਤੀਜੀ ਜਾਂ ਬੂਸਟਰ ਡੋਜ਼ ਦੀ ਗਿਣਤੀ 5 ਕਰੋੜ ਦੇ ਕਰੀਬ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਅੰਕੜਾ ਤੇਜ਼ੀ ਨਾਲ ਵਧੇਗਾ।
ਵੀਡੀਓ ਲਈ ਕਲਿੱਕ ਕਰੋ -: