From September 1 imported toys: ਨਵੀਂ ਦਿੱਲੀ: ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1 ਸਤੰਬਰ ਤੋਂ ਆਯਾਤ ਕੀਤੇ ਖਿਡੌਣਿਆਂ ਦੀ ਗੁਣਵੱਤਾ ਦੀ ਲਾਜ਼ਮੀ ਤੌਰ ‘ਤੇ ਜਾਂਚ ਹੋਣ ਤੋਂ ਬਾਅਦ ਹੀ ਭਾਰਤ ਵਿੱਚ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਕੇਂਦਰ ਸਰਕਾਰ ਚੀਨ ਅਤੇ ਹੋਰ ਦੂਜੇ ਦੇਸ਼ਾਂ ਤੋਂ ਗੈਰ-ਜ਼ਰੂਰੀ ਚੀਜ਼ਾਂ ਦੇ ਆਯਾਤ ਦੀ ਖੇਪ ਦੀ ਪੜਤਾਲ ਕਰਨ ਲਈ ਸਟੀਲ, ਰਸਾਇਣ, ਫਾਰਮਾਸਿਊਟੀਕਲ ਅਤੇ ਇਲੈਕਟ੍ਰੀਕਲ ਮਸ਼ੀਨਰੀ ਤੋਂ ਲੈ ਕੇ ਫਰਨੀਚਰ ਤਕ 371 ਟੈਰਿਫ ਲਾਈਨਾਂ ਲਈ ਕੁਆਲਟੀ ਦੇ ਮਿਆਰ ਲਗਾਉਣ ਦੀ ਪ੍ਰਕਿਰਿਆ ਵਿੱਚ ਹੈ।
BIS ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾੜੀ ਅਨੁਸਾਰ ਹਰੇਕ ਉਤਪਾਦ ਲਈ QCS ਦਾ ਲਾਗੂਕਰਨ ਸਬੰਧਤ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ, ਸੋਨੇ ਦਾ ਲਾਜ਼ਮੀ ਮਿਆਰ ਜੂਨ 2021 ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਵਿੱਚ 268 ਮਾਪਦੰਡ ਲਾਜ਼ਮੀ ਹਨ ਅਤੇ ਕਈ ਪਾਈਪ ਲਾਈਨ ਵਿੱਚ ਹਨ। ਤਿਵਾੜੀ ਨੇ ਕਿਹਾ ਕਿ ਬੀਆਈਐੱਸ ਸਟਾਫ ਨੂੰ ਬੰਦਰਗਾਹ ‘ਤੇ ਨਮੂਨੇ ਲੈਣ ਅਤੇ ਉਤਪਾਦਾਂ ਦੀ ਜਾਂਚ ਕਰਨ ਲਈ ਪ੍ਰਮੁੱਖ ਬੰਦਰਗਾਹਾਂ ‘ਤੇ ਤਾਇਨਾਤ ਕੀਤਾ ਜਾਵੇਗਾ, ਜੋ ਬੰਦਰਗਾਹਾਂ ‘ਤੇ ਹੀ ਮਾਲ ਦਾ ਨਮੂਨਾ ਲੈ ਕੇ ਟੈਸਟ ਕਰਨਗੇ।
ਦੱਸ ਦੇਈਏ ਕਿ ਬਿਓਰੋ ਆਫ਼ ਇੰਡੀਅਨ ਸਟੈਂਡਰਡ (BIS) ਸਰਕਾਰ ਦੀ ਪ੍ਰਮੁੱਖ ਏਜੰਸੀ ਹੈ ਜੋ ਸਬੰਧਤ ਮੰਤਰਾਲਿਆਂ ਦੇ ਤਾਲਮੇਲ ਨਾਲ ਗੁਣਵੱਤਾ ਦੇ ਮਿਆਰ ਨੂੰ ਤਿਆਰ ਕਰਦੀ ਹੈ। ਇਸ ਸਬੰਧੀ ਪਾਸਵਾਨ ਨੇ ਦੱਸਿਆ ਕਿ ਖਿਡੌਣਿਆਂ ਲਈ ਲਾਜ਼ਮੀ ਕੁਆਲਟੀ ਕੰਟਰੋਲ ਸਟੈਂਡਰਡ (QCS) 1 ਸਤੰਬਰ ਤੋਂ ਲਾਗੂ ਕੀਤਾ ਜਾਵੇਗਾ । ਆਯਾਤ ਦੀਆਂ ਖੇਪਾਂ ਤੋਂ ਨਮੂਨੇ ਲੈਣ ਅਤੇ ਗੁਣਵੱਤਾ ਦੀ ਜਾਂਚ ਕਰਨ ਲਈ ਪ੍ਰਮੁੱਖ ਬੰਦਰਗਾਹਾਂ ਤੇ BIS ਸਟਾਫ ਤਾਇਨਾਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਖਿਡੌਣਿਆਂ ਤੋਂ ਇਲਾਵਾ ਸਟੀਲ, ਕੈਮੀਕਲ, ਇਲੈਕਟ੍ਰਾਨਿਕ ਸਮਾਨ ਅਤੇ ਭਾਰੀ ਮਸ਼ੀਨਰੀ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਪੈਕ ਕੀਤੇ ਪਾਣੀ ਅਤੇ ਦੁੱਧ ਦੀਆਂ ਵਸਤਾਂ ਵੀ QCS ਬਣਨ ਦੀ ਤਿਆਰੀ ਵਿੱਚ ਹਨ।