Gautam Gambhir Demanded Bharat Ratna: ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗੰਭੀਰ ਨੇ ਧਿਆਨਚੰਦ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਤੋਂ ਵੱਡਾ ਖਿਡਾਰੀ ਨਾ ਤਾਂ ਪੈਦਾ ਹੋਇਆ ਹੈ ਅਤੇ ਨਾ ਹੀ ਹੋਵੇਗਾ।
ਗੌਤਮ ਗੰਭੀਰ ਨੇ ਕਿਹਾ, “ਭਾਰਤ ਦੇ ਇਤਿਹਾਸ ਵਿੱਚ ਮੇਜਰ ਧਿਆਨਚੰਦ ਤੋਂ ਵੱਡਾ ਖਿਡਾਰੀ ਨਾ ਤਾਂ ਪੈਦਾ ਹੋਇਆ ਹੈ ਤੇ ਨਾ ਹੀ ਹੋਵੇਗਾ। ਉਹ ਦੇਸ਼ ਲਈ ਇੰਨੇ ਸੋਨੇ ਦੇ ਤਗਮੇ ਲੈ ਕੇ ਆਏ ਅਤੇ ਅਜਿਹੇ ਸਮੇਂ ਲਿਆਏ ਜਦੋਂ ਖੇਡ ਇੰਨੀ ਮਸ਼ਹੂਰ ਨਹੀਂ ਸੀ। ਮੈਂ ਚਾਹੁੰਦਾ ਹਾਂ ਕਿ ਮੇਜਰ ਧਿਆਨਚੰਦ ਨੂੰ ਜਲਦ ਤੋਂ ਜਲਦ ਭਾਰਤ ਰਤਨ ਮਿਲੇ। ਇਸ ਨਾਲ ਸਾਰੇ ਦੇਸ਼ ਨੂੰ ਬਹੁਤ ਖੁਸ਼ੀ ਹੋਵੇਗੀ।
ਦੱਸ ਦੇਈਏ ਕਿ ਮੇਜਰ ਧਿਆਨਚੰਦ ਨੂੰ ਹਾਕੀ ਦਾ ਜਾਦੂਗਰ ਕਹਿਣ ਦੇ ਪਿੱਛੇ ਦਾ ਕਾਰਨ ਮੈਦਾਨ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੈ। ਉਨ੍ਹਾਂ ਨੇ ਸਾਲ 1928, 1932 ਅਤੇ 1936 ਵਿੱਚ ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਸਨ। ਇਸ ਖਿਡਾਰੀ ਦੀ ਸਫਲਤਾ ਦੀ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਧਿਆਨਚੰਦ ਨੇ ਆਪਣੇ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ ਧਿਆਨਚੰਦ ਨੂੰ 1956 ਵਿੱਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਇਸ ਲਈ ਉਨ੍ਹਾਂ ਦੇ ਜਨਮਦਿਨ ਅਰਥਾਤ 29 ਅਗਸਤ ਨੂੰ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ।