GHMC Election 2020: ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਬੰਪਰ ਜਿੱਤ ਮਿਲੀ ਹੈ । ਸਾਲ 2016 ਵਿੱਚ 4 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਇਸ ਵਾਰ ਦੀਆਂ ਚੋਣਾਂ ਵਿੱਚ 48 ਸੀਟਾਂ ਜਿੱਤੀਆਂ । ਉੱਥੇ ਹੀ ਅਸਦੁਦੀਨ ਓਵੈਸੀ ਦੀ ਪਾਰਟੀ AIMIM 44 ਸੀਟਾਂ ਜਿੱਤਣ ਵਿੱਚ ਸਫਲ ਰਹੀ। ਨਤੀਜਿਆਂ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਦਿਖਾਈ ਦਿੱਤੇ । ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਨਿਸ਼ਾਨਾ ਸਾਧਿਆ । ਓਵੈਸੀ ਨੇ ਕਿਹਾ ਕਿ ਅਮਿਤ ਸ਼ਾਹ ਅਤੇ ਯੋਗੀ ਆਦਿੱਤਿਆਨਾਥ ਜਿੱਥੇ ਵੀ ਪ੍ਰਚਾਰ ਕਰਨ ਗਏ, ਉੱਥੇ ਭਾਜਪਾ ਹਾਰ ਗਈ।
ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਅਸੀਂ ਲੋਕਤੰਤਰੀ ਢੰਗ ਨਾਲ ਭਾਜਪਾ ਨਾਲ ਲੜਾਂਗੇ । ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੇਲੰਗਾਨਾ ਦੇ ਲੋਕ ਭਾਜਪਾ ਨੂੰ ਰਾਜ ਵਿੱਚ ਫੈਲਣ ਤੋਂ ਰੋਕਣਗੇ । ਅਸਦੁਦੀਨ ਓਵੈਸੀ ਨੇ ਕਿਹਾ ਕਿ ਅਸੀਂ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਵਿੱਚ 44 ਸੀਟਾਂ ਜਿੱਤੀਆਂ । ਮੈਂ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਨੀਵਾਰ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ।
ਓਵੈਸੀ ਨੇ ਅੱਗੇ ਕਿਹਾ ਕਿ ਭਾਜਪਾ ਦੀ ਸਫਲਤਾ ਇੱਕ ਸਮੇਂ ਦੀ ਸਫਲਤਾ ਹੈ। ਤੇਲੰਗਾਨਾ ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਇਹ ਸਫਲਤਾ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਵਿੱਚ ਸਖਤ ਮਿਹਨਤ ਕੀਤੀ ਸੀ ਅਤੇ ਹੈਦਰਾਬਾਦ ਦੇ ਲੋਕਾਂ ਵੱਲੋਂ ਦਿੱਤਾ ਗਿਆ ਫੈਸਲਾ ਸਾਨੂੰ ਮਨਜ਼ੂਰ ਹੈ । ਓਵੈਸੀ ਨੇ ਹੈਦਰਾਬਾਦ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ।
ਦੱਸ ਦੇਈਏ ਕਿ ਗ੍ਰੇਟਰ ਹੈਦਰਾਬਾਦ ਦੇਸ਼ ਦੇ ਸਭ ਤੋਂ ਵੱਡੇ ਨਗਰ ਨਿਗਮਾਂ ਵਿੱਚੋਂ ਇੱਕ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ । ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 48 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ । ਉੱਥੇ ਹੀ ਕੇਸੀਆਰ ਦੀ ਪਾਰਟੀ TRS ਨੇ 56 ਸੀਟਾਂ ਅਤੇ ਅਸਦੁਦੀਨ ਓਵੈਸੀ ਦੀ ਪਾਰਟੀ AIMIM ਨੂੰ 44 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਨੂੰ 2 ਸੀਟਾਂ ਮਿਲੀਆਂ ਹਨ । ਹਾਲਾਂਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ।