GoAir sacks pilot over derogatory tweet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨਾ ਇੱਕ ਪਾਇਲਟ ਨੂੰ ਮਹਿੰਗਾ ਪੈ ਗਿਆ । Go Air ਵਿੱਚ ਕੰਮ ਕਰਨ ਵਾਲੇ ਇਸ ਕਰਮਚਾਰੀ ਨੂੰ ਕੰਪਨੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ । ਇਹ ਸੀਨੀਅਰ ਪਾਇਲਟ ਭਾਰਤੀ ਹਵਾਈ ਫੌਜ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਦਰਅਸਲ, ਕੰਪਨੀ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰ ਪਾਇਲਟ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਜਾਣਕਾਰੀ ਦਿੱਤੀ । ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ Go Air ਦੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਅਤੇ ਸਾਰੇ ਕਰਮਚਾਰੀਆਂ ਲਈ ਕੰਪਨੀ ਦੇ ਰੁਜ਼ਗਾਰ ਨਿਯਮਾਂ ਅਤੇ ਨੀਤੀਆਂ ਜਿਸ ਵਿੱਚ ਸੋਸ਼ਲ ਮੀਡੀਆ ਵੀ ਸ਼ਾਮਿਲ ਹੈ ਦਾ ਪਾਲਣ ਕਰਨਾ ਲਾਜ਼ਮੀ ਹੈ।
Go Air ਨੇ ਕੈਪਟਨ ਦੀਆਂ ਸੇਵਾਵਾਂ ਨੂੰ ਤੱਤਕਾਲ ਪ੍ਰਭਾਵ ਨਾਲ ਖ਼ਤਮ ਕਰ ਦਿੱਤਾ ਹੈ । ਉੱਥੇ ਹੀ, ਪਾਇਲਟ ਨੇ ਆਪਣੇ ਬਿਆਨ ‘ਤੇ ਮੁਆਫੀ ਮੰਗੀ ਹੈ । ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਲੈ ਕੇ ਕੀਤੇ ਗਏ ਟਵੀਟ ‘ਤੇ ਮੁਆਫੀ ਮੰਗਦਾ ਹਾਂ ।
ਸੀਨੀਅਰ ਪਾਇਲਟ ਨੇ ਕਿਹਾ ਕਿ ਮੈਂ ਸਪੱਸ਼ਟ ਕਰਦਾ ਹਾਂ ਕਿ Go Air ਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮੇਰੇ ਕਿਸੇ ਵੀ ਟਵੀਟ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਮੇਰੇ ਵਿਅਕਤੀਗਤ ਵਿਚਾਰ ਸਨ । ਮੈਂ ਆਪਣੇ ਵੱਲੋਂ ਕੀਤੇ ਗਏ ਕੰਮਾਂ ਲਈ ਪੂਰੀ ਜ਼ਿੰਮੇਦਾਰੀ ਲੈਂਦਾ ਹਾਂ ਅਤੇ ਆਪਣੀਆਂ ਗਲਤੀਆਂ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ ਅਤੇ ਨਤੀਜੇ ਨੂੰ ਆਪਣੀ ਇੱਛਾ ਨਾਲ ਸਵੀਕਾਰ ਕਰਨਾ ਚਾਹੁੰਦਾ ਹਾਂ ।