ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਮਿਲੀ ਜਾਣਕਾਰੀ ਅਨੁਸਾਰ ਇੱਥੇ ਇੱਕ ਘਰ ਵਿੱਚ ਹੋਏ ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਮਾਰਤ ਢਹਿ ਜਾਣ ਕਾਰਨ ਦਰਜਨ ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ ਹਨ ।
ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਮੁਸ਼ਕਿਲ ਨਾਲ ਬਾਹਰ ਕੱਢਿਆ । ਪਿੰਡ ਵਾਲਿਆਂ ਦੀ ਮਦਦ ਨਾਲ ਦੱਬੇ ਹੋਏ ਲੋਕਾਂ ਨੂੰ ਮਲਬੇ ਤੋਂ ਕੱਢ ਕੇ ਨਵਾਬਗੰਜ ਪੀ.ਐਚ.ਸੀ ਭੇਜਿਆ ਗਿਆ। ਇਸ ਹਾਦਸੇ ਵਿੱਚ 4 ਬੱਚਿਆਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।
ਦਰਅਸਲ, ਇਹ ਘਟਨਾ ਜ਼ਿਲ੍ਹੇ ਦੇ ਵਜ਼ੀਰਗੰਜ ਥਾਣਾ ਖੇਤਰ ਦੇ ਅਧੀਨ ਆਉਂਦੇ ਟਿੱਕਰੀ ਦੇ ਠਠੇਰ ਪੁਰਵਾ ਵਿਖੇ ਵਾਪਰੀ ਹੈ। ਜਿੱਥੇ ਇੱਕ ਘਰ ਵਿੱਚ ਅਚਾਨਕ ਧਮਾਕਾ ਹੋਇਆ । ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਕਾਰਨ ਦੋ ਮੰਜ਼ਿਲਾ ਇਮਾਰਤ ਢਹਿ ਗਈ ।
ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਸਿਲੰਡਰ ਬਲਾਸਟ ਹੋਣ ਕਾਰਨ ਵਾਪਰਿਆ ਹੈ । ਇਸ ਹਾਦਸੇ ਵਿੱਚ 2 ਆਦਮੀ, 2 ਔਰਤਾਂ ਅਤੇ 4 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ: Breaking : CBSE ਦੀ 12ਵੀਂ ਦੀ ਪ੍ਰੀਖਿਆ ਹੋਈ ਰੱਦ, PM ਨੇ ਕਿਹਾ ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਪਹਿਲ
ਮਿਲੀ ਜਾਣਕਾਰੀ ਅਨੁਸਾਰ ਜਿਸ ਘਰ ਵਿੱਚ ਇਹ ਹਾਦਸਾ ਵਾਪਰਿਆ ਹੈ, ਉਸਦੇ ਮਾਲਕ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ ਵੀ ਸੀ । ਅਜਿਹੀ ਸਥਿਤੀ ਵਿੱਚ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰੇਗੀ ਕਿ ਇਹ ਹਾਦਸਾ ਕਿਵੇਂ ਹੋਇਆ ਹੈ । ਹਾਲਾਂਕਿ ਮੌਜੂਦਾ ਸਮੇਂ ਵਿੱਚ ਇਸ ਹਾਦਸੇ ਦੇ ਵਾਪਰਨ ਦਾ ਕਾਰਨ ਗੈਸ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਗੋਂਡਾ ਵਿੱਚ ਵਾਪਰੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਚ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਅਤੇ ਰਾਹਤ ਅਤੇ ਬਚਾਅ ਕਾਰਜ ਮੁਕੰਮਲ ਕਰਨ ਦਾ ਆਦੇਸ਼ ਦਿੱਤਾ ਤੇ ਨਾਲ ਹੀ ਜ਼ਖਮੀਆਂ ਦੇ ਉੱਚਿਤ ਇਲਾਜ ਲਈ ਪ੍ਰਬੰਧ ਅਤੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ।