Government informally asks airlines: ਕੋਰੋਨਾ ਵਾਇਰਸ ਸੰਕਟ ਦੇ ਵਿਚਾਲੇ ਭਾਰਤ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਉਡਾਣਾਂ ਵਿੱਚ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਸਾਰੀਆਂ ਏਅਰਲਾਈਨਾਂ ਨੂੰ ਸਰਕਾਰ ਨੇ ਚੀਨੀ ਨਾਗਰਿਕਾਂ ਨੂੰ ਆਪਣੇ ਜਹਾਜ਼ ਵਿੱਚ ਨਾ ਬਿਠਾਉਣ ਲਈ ਕਿਹਾ ਹੈ । ਸਰਕਾਰ ਨੇ ਇਹ ਏਅਰਲਾਈਨਾਂ ਨੂੰ ਗੈਰਰਸਮੀ ਢੰਗ ਨਾਲ ਕਿਹਾ ਹੈ। ਦੱਸ ਦਈਏ ਕਿ ਕੋਰੋਨਾ ਸੰਕਟ ਕਾਰਨ ਭਾਰਤ ਨੇ ਪਹਿਲਾਂ ਹੀ ਚੀਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਚੀਨੀ ਨਾਗਰਿਕ ਉਨ੍ਹਾਂ ਦੇਸ਼ਾਂ ਤੋਂ ਭਾਰਤ ਆ ਸਕਦੇ ਹਨ ਜਿੱਥੇ ਭਾਰਤ ਵੱਲੋਂ ਏਅਰ ਬਬਲ ਰਾਹੀਂ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਸੀ, ਪਰ ਹੁਣ ਭਾਰਤ ਨੇ ਇਸ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਦਰਅਸਲ, ਚੀਨ ਵੱਲੋਂ ਵੀ ਭਾਰਤੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਸੀ । ਜਿਸ ਵਿੱਚ ਕੋਰੋਨਾ ਸੰਕਟ ਦਾ ਹਵਾਲਾ ਦਿੱਤਾ ਗਿਆ ਸੀ, ਜਦੋਂ ਕਿ ਕੁਝ ਹੋਰ ਕਾਰਨ ਵੀ ਗਿਣਾਏ ਗਏ ਸਨ। ਹੁਣ ਭਾਰਤ ਨੇ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੀਆਂ ਸਾਰੀਆਂ ਘਰੇਲੂ ਅਤੇ ਵਿਦੇਸ਼ੀ ਏਅਰਲਾਇੰਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਅਤੇ ਚੀਨ ਸਰਹੱਦ ‘ਤੇ ਤਣਾਅ ਦੀ ਸਥਿਤੀ ਵਿੱਚ ਹਨ । ਪਿਛਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਵਿੱਚ ਵਿਵਾਦ ਦੀ ਸਥਿਤੀ ਬਣੀ ਹੋਈ ਹੈ ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਆਉਣ ਤੋਂ ਬਾਅਦ ਹੀ ਕੌਮਾਂਤਰੀ ਉਡਾਣਾਂ ‘ਤੇ ਸਖਤੀ ਵਰਤੀ ਜਾ ਰਹੀ ਹੈ। ਫਿਲਹਾਲ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਹੈ, ਪਰ ਭਾਰਤ ਨੇ ਕੁਝ ਦੇਸ਼ਾਂ ਦੇ ਨਾਲ ਇੱਕ ਏਅਰ ਬੱਬਲ ‘ਤੇ ਦਸਤਖਤ ਕੀਤੇ ਹਨ। ਕੋਰੋਨਾ ਦਾ ਨਵਾਂ ਸਟ੍ਰੇਨ ਆਉਣ ਤੋਂ ਬਾਅਦ ਹੀ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਹੈ, ਜਦਕਿ ਯੂਰਪ ਦੀਆਂ ਹੋਰ ਉਡਾਣਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ।