Government withdraws interest cut order: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ‘ਤੇ ਵਿਆਜ ਦਰ ਘਟਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦੇਰ ਰਾਤ ਇਹ ਖ਼ਬਰ ਆਈ ਸੀ ਕਿ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ ‘ਤੇ ਵਿਆਜ ਦਰ ਘਟਾ ਦਿੱਤੀ ਗਈ ਹੈ। ਪਰ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ । ਵਿੱਤ ਮੰਤਰੀ ਨੇ ਕਿਹਾ ਹੈ ਕਿ ਇਹ ਆਦੇਸ਼ ਗਲਤੀ ਨਾਲ ਨਿਕਲ ਗਿਆ ਸੀ।
ਦਰਅਸਲ, ਵਿੱਤ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ,” ਭਾਰਤ ਸਰਕਾਰ ਦੀਆਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਉਹੀ ਰਹਿਣਗੀਆਂ ਜੋ ਕਿ 2020-2021 ਦੀ ਆਖਰੀ ਤਿਮਾਹੀ ਵਿੱਚ ਮੌਜੂਦ ਸਨ ਯਾਨੀ ਮਾਰਚ 2021 ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ।”
ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਪਬਲਿਕ ਪ੍ਰੋਵੀਡੈਂਟ ਫੰਡ (PPF) ਅਤੇ NCC (ਨੈਸ਼ਨਲ ਸੇਵਿੰਗ ਸਰਟੀਫਿਕੇਟ) ਸਮੇਤ ਛੋਟੀਆਂ ਬਚਤ ਸਕੀਮਾਂ ‘ਤੇ ਵਿਆਜ ਦਰਾਂ ਵਿੱਚ 1.1% ਦੀ ਕਟੌਤੀ ਕੀਤੀ ਸੀ। ਇਹ ਕਟੌਤੀ ਇੱਕ ਅਪ੍ਰੈਲ ਤੋਂ ਸ਼ੁਰੂ 2021-22 ਦੀ ਪਹਿਲੀ ਤਿਮਾਹੀ ਲਈ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਵਿੱਤ ਮੰਤਰਾਲੇ ਦੀ ਨੋਟੀਫਿਕੇਸ਼ਨ ਅਨੁਸਾਰ PPF ‘ਤੇ ਵਿਆਜ 0.7 ਫੀਸਦ ਤੋਂ ਘਟਾ ਕੇ 6.4 ਫ਼ੀਸਦੀ, ਜਦੋਂ ਕਿ NCC ‘ਤੇ 0.9 ਫ਼ੀਸਦੀ ਘਟਾ ਕੇ 5.9 ਫ਼ੀਸਦੀ ਕਰਨ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਵਿਆਜ ਵਿੱਚ ਵੱਧ ਤੋਂ ਵੱਧ 1.1 ਫ਼ੀਸਦੀ ਦੀ ਕਟੌਤੀ ਇੱਕ ਸਾਲ ਦੀ ਮਿਆਦ ਦੇ ਜਮ੍ਹਾਂ ਰਕਮਾਂ ‘ਤੇ ਕੀਤੀ ਗਈ ਸੀ। ਇਸੇ ਤਰ੍ਹਾਂ ਦੋ ਸਾਲਾਂ ਲਈ ਟਰਮ ਡਿਪਾਜ਼ਿਟ ‘ਤੇ ਵਿਆਜ 0.5 ਫ਼ੀਸਦੀ ਘਟਾ ਕੇ 5 ਫ਼ੀਸਦੀ, ਤਿੰਨ ਸਾਲਾਂ ਦੀ ਮਿਆਦ ਲਈ ਜਮ੍ਹਾਂ ‘ਤੇ ਵਿਆਜ 0.4 ਫ਼ੀਸਦੀ ਘਟਾ ਦਿੱਤਾ ਗਿਆ ਸੀ, ਜਦਕਿ ਪੰਜ ਸਾਲਾਂ ਲਈ ਟਰਮ ਡਿਪਾਜ਼ਿਟ ‘ਤੇ ਵਿਆਜ 0.9 ਪ੍ਰਤੀਸ਼ਤ ਘਟਾ ਕੇ 5.8 ਫ਼ੀਸਦੀ ਕਰ ਦਿੱਤਾ ਗਿਆ ਸੀ।