gurjar agitation in rajasthan: ਰਾਜਸਥਾਨ ਵਿੱਚ ਗੁੱਜਰ ਰਿਜ਼ਰਵੇਸ਼ਨ ਦਾ ਮੁੱਦਾ ਇੱਕ ਵਾਰ ਫਿਰ ਭਖ ਗਿਆ ਹੈ। ਗੁੱਜਰ ਭਾਈਚਾਰੇ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉੱਤਰ ਆਏ ਹਨ। ਰੇਲਵੇ ਲਾਈਨਾਂ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਕਈ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ ਜਾ ਫਿਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਟਰੈਕ ਦੀ ਤਸਵੀਰ ਬਿਲਕੁਲ ਉਸ ਤਰਾਂ ਦੀ ਹੈ ਜੋ 2008 ਵਿੱਚ ਵੇਖੀ ਗਈ ਸੀ। ਉਸ ਸਮੇਂ ਗੁਰਜਰ ਅੰਦੋਲਨ ਦੌਰਾਨ ਬਹੁਤ ਹਿੰਸਾ ਹੋਈ ਸੀ ਅਤੇ ਬਹੁਤ ਸਾਰੇ ਲੋਕ ਮਾਰੇ ਗਏ ਸਨ। ਉਸ ਸਮੇਂ ਤੋਂ ਗੁੱਜਰ ਰਿਜ਼ਰਵੇਸ਼ਨ ਦਾ ਮੁੱਦਾ ਵੱਡਾ ਮੁੱਦਾ ਰਿਹਾ ਹੈ, ਪਰ ਅਜੇ ਤੱਕ ਇਸਦਾ ਕੋਈ ਠੋਸ ਹੱਲ ਨਹੀਂ ਮਿਲਿਆ ਹੈ। ਰਾਜਸਥਾਨ ਵਿੱਚ ਗੁੱਜਰ ਅੰਦੋਲਨਕਾਰੀਆਂ ਨਾਲ ਗੱਲਬਾਤ ਵਿੱਚ ਅਸਫਲ ਹੋਣ ਤੋਂ ਬਾਅਦ ਰਾਜ ਸਰਕਾਰ ਨੇ ਹੁਣ ਸਖਤ ਰੁਖ ਅਪਣਾਉਣ ਦਾ ਫੈਸਲਾ ਕੀਤਾ ਹੈ। ਅੰਦੋਲਨਕਾਰੀ ਨੇਤਾ ਕਰਨਲ ਕਿਰੋੜੀ ਸਿੰਘ ਬੈਂਸਲਾ ਅਤੇ ਰਾਜਸਥਾਨ ਸਰਕਾਰ ਦੇ ਖੇਡ ਰਾਜ ਮੰਤਰੀ ਅਸ਼ੋਕ ਚੰਦਨਾ ਵਿਚਾਲੇ ਸਹਿਮਤੀ ਨਾ ਹੋਣ ਦੇ ਬਾਅਦ 223 ਅੰਦੋਲਨਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਨੇ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪਟੜੀ ’ਤੇ ਹੀ ਦੀਵਾਲੀ ਮਨਾਉਣਗੇ। ਗੱਲਬਾਤ ਅਸਫਲ ਹੋਣ ਤੋਂ ਬਾਅਦ ਜੈਪੁਰ ਵਾਪਿਸ ਪਰਤੇ, ਮੰਤਰੀ ਅਸ਼ੋਕ ਚੰਦਨਾ ਨੇ ਕਿਹਾ ਕਿ ਰਾਜਸਥਾਨ ਸਰਕਾਰ ਨੇ ਉਨ੍ਹਾਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ ਜਿਨ੍ਹਾਂ ਨੂੰ ਮੰਨਿਆ ਜਾ ਸਕਦਾ ਹੈ ਅਤੇ ਅੱਗੇ ਵੀ ਉਨ੍ਹਾਂ ਨੂੰ ਪ੍ਰਵਾਨ ਕਰਾਂਗੇ। ਪਰ ਗੁੱਜਰ ਆਗੂ ਗੈਰ ਵਾਜਬ ਮੰਗਾਂ ਕਰ ਰਹੇ ਹਨ, ਜਿਸ ਨਾਲ ਸਹਿਮਤ ਹੋਣਾ ਸੰਭਵ ਨਹੀਂ ਹੈ। ਦੱਸ ਦੇਈਏ ਕਿ ਗੁੱਜਰ ਨੇਤਾਵਾਂ ਦੇ ਸੋਮਵਾਰ ਤੋਂ ਚੱਕਾ ਜਾਮ ਕਰਨ ਦੇ ਐਲਾਨ ਤੋਂ ਬਾਅਦ ਰਾਜਸਥਾਨ ਸਰਕਾਰ ਦੇ ਮੰਤਰੀ ਅਸ਼ੋਕ ਚੰਦਨਾ ਗੱਲਬਾਤ ਲਈ ਹਿੰਦਨੌਂ ਪਹੁੰਚੇ ਸੀ। ਜਿੱਥੇ ਦੋਹਾਂ ਵਿਚਾਲੇ ਢਾਈ ਘੰਟੇ ਗੱਲਬਾਤ ਹੋਈ ਪਰ ਸਮਝੌਤਾ ਨਹੀਂ ਹੋ ਸਕਿਆ। ਉਸ ਤੋਂ ਬਾਅਦ, ਕਰਨਲ ਕਿਰੋੜੀ ਸਿੰਘ ਬੈਂਸਲਾ ਦੇ ਪੁੱਤਰ ਵਿਜੇ ਬੈਂਸਲਾ ਵਾਪਿਸ ਚਲੇ ਗਏ ਅਤੇ ਰੇਲਵੇ ਟਰੈਕ ‘ਤੇ ਬੈਠ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਅੰਦੋਲਨ ਦੇ ਕਾਰਨ 5 ਜ਼ਿਲ੍ਹਿਆਂ ਵਿੱਚ 10 ਦਿਨਾਂ ਤੋਂ ਇੰਟਰਨੈਟ ਬੰਦ ਹੈ ਅਤੇ ਹਰ ਰੋਜ਼ 30 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ। ਰੋਡਵੇਜ਼ ਦੀਆਂ ਬੱਸਾਂ ਬੰਦ ਹੋਣ ਕਾਰਨ ਦੀਵਾਲੀ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।