ਹਰਿਆਣਾ ਦੇ ਕਰਨਾਲ ਵਿੱਚਕਿਸਾਨਾਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਵਿਵਾਦ ਚੱਲ ਰਿਹਾ ਸੀ, ਜੋ ਕਿ ਅੱਜ ਖ਼ਤਮ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਰਨਾਲ ਵਿੱਚ ਇੱਕ ਸਮਾਗਮ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਵੱਲੋਂ ਕਰਨਾਲ ਵਿੱਚ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਅੱਗੇ ਝੁਕੀ ਖੱਟਰ ਸਰਕਾਰ, ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਹੋਈ ਰਾਜ਼ੀ
ਦਰਅਸਲ, ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਰਨਾਲ ਧਰਨੇ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕੀਤਾ । ਆਪਣੇ ਇਸ ਸੰਬੋਧਨ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਕਾਰਨ ਕਰਨਾਲ ਮੋਰਚੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਅੱਗੇ ਭਾਜਪਾ ਸਰਕਾਰ ਨੇ ਗੋਡੇ ਟੇਕ ਦਿੱਤੇ ।
ਇਸ ਤੋਂ ਅੱਗੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਹੀ ਅੰਦੋਲਨ ਜਿੱਤੇ ਜਾਂਦੇ ਹਨ । ਅੰਦੋਲਨ ਕੁਰਬਾਨੀ ਮੰਗਦਾ ਹੈ, ਇੰਨੀਆਂ ਕੁਰਬਾਨੀਆਂ ਦਿਓ ਕਿ ਲੋਕ ਤੁਹਾਨੂੰ ਯਾਦ ਰੱਖਣ । ਉਨ੍ਹਾਂ ਕਿਹਾ ਕਿ ਸ਼ਾਂਤੀ ਨਾਲ ਡਟੇ ਰਹਿਣਾ ਹੀ ਜਿੱਤ ਦਾ ਮੂਲ ਮੰਤਰ ਹੈ। ਚੜੂਨੀ ਨੇ ਕਿਹਾ ਕਿ ਬੇਸ਼ੱਕ ਇਹ ਧਰਨਾ ਖਤਮ ਹੋ ਗਿਆ ਪਰ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ।
ਦੱਸ ਦੇਈਏ ਕਿ 28 ਅਗਸਤ ਨੂੰ ਹਰਿਆਣਾ ਪੁਲਿਸ ਵੱਲੋਂ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਜਿਸ ਵਿੱਚ ਰਾਏਪੁਰ ਜਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ । ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ ਵਿੱਚ ਮਹਾਪੰਚਾਇਤ ਬੁਲਾਈ ਗਈ ਸੀ। ਕਿਸਾਨਾਂ ਵੱਲੋਂ ਸਿਰ ਪਾੜਨ’ ਦਾ ਆਦੇਸ਼ ਦੇਣ ਵਾਲੇ SDM ਆਯੂੁਸ਼ ਸਿਨਹਾ ‘ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।