Haryana Chakka Jam: ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ਨੀਵਾਰ ਨੂੰ ਹਰਿਆਣਾ ਵਿੱਚ ਚੱਕਾ ਜਾਮ ਕਰ ਦਿੱਤਾ । ਰਾਸ਼ਟਰੀ ਅਤੇ ਰਾਜ ਮਾਰਗ ਦੁਪਹਿਰ 12 ਤੋਂ 3 ਵਜੇ ਤੱਕ ਬੰਦ ਰੱਖੇ ਜਾਣਗੇ । ਇਸ ਤੋਂ ਬਾਅਦ ਕਿਸਾਨ ਇੱਕ ਮਿੰਟ ਤੱਕ ਆਪਣੀਆਂ ਗੱਡੀਆਂ ਦੇ ਹਾਰਨ ਵਜਾ ਕੇ ਵਿਰੋਧ ਜਤਾਉਣਗੇ । ਦਿੱਲੀ ਦੇ ਬਾਰਡਰਾਂ ‘ਤੇ ਜਿੱਥੇ ਧਰਨੇ ਚੱਲ ਰਹੇ ਹਨ ਉਨ੍ਹਾਂ ਤੋਂ ਇਲਾਵਾ ਦਿੱਲੀ ਦੇ ਅੰਦਰ ਕੋਈ ਸੜਕ ਜਾਮ ਮਾਹੀ ਕੀਤੀ ਜਾਵੇਗੀ।
ਦਰਅਸਲ, ਸ਼ਨੀਵਾਰ ਨੂੰ ਦੁਪਹਿਰ 12 ਵਜੇ ਧਰਨਾ ਸ਼ੁਰੂ ਹੋਇਆ ਤਾਂ ਮਹਿਲਾਵਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ । ਹਿਸਾਰ ਵਿੱਚ ਸੁਰੇਵਾਲਾ ਮੋੜ ‘ਤੇ ਪੂਨਮ ਦੇਵੀ ਟਰੈਕਟਰ ਚਲਾ ਕੇ ਪਹੁੰਚੀਆਂ ਤੇ ਥਾਲੀਆਂ ਵਜਾ ਕੇ ਚੱਕਾ ਜਾਮ ਦੀ ਸ਼ੁਰੂਆਤ ਕੀਤੀ । ਕਿਸਾਨਾਂ ਨੇ ਸਿਰਸਾ ਦੇ ਡੱਬਵਾਲੀ ਦੇ ਗੋਲ ਚੌਕ ਵਿਖੇ ਵੀ ਧਰਨਾ ਲਗਾਇਆ ਹੈ । ਇਹ ਚੌਕ ਹਰਿਆਣਾ ਨੂੰ ਪੰਜਾਬ ਨਾਲ ਜੋੜਦਾ ਹੈ। ਉੱਥੇ ਹੀ ਸੋਨੀਪਤ ਵਿੱਚ ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸ ਵੇਅ ‘ਤੇ ਜਾਮ ਲਗਾਇਆ । ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ, ਇਹ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੇ ਸਿਰਫ ਜਾਮ ਲਗਾਇਆ ਹੈ ਤੇ ਅੱਗੇ ਦੀ ਰਣਨੀਤੀ ਵੀ ਜਲਦੀ ਤਿਆਰ ਕੀਤੀ ਜਾਵੇਗੀ। ਚੱਕਾ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਦੀਆਂ ਐਂਬੂਲੈਂਸਾਂ, ਸਕੂਲ ਬੱਸਾਂ, ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਰੋਕਿਆ ਨਹੀਂ ਜਾਵੇਗਾ । ਕਿਸਾਨ ਮੋਰਚੇ ਨੇ ਚੱਕਾ ਜਾਮ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉੱਥੇ ਹੀ ਜੀਂਦ ਵਿੱਚ ਰੋਡਵੇਜ਼ ਨੇ ਸ਼ਨੀਵਾਰ ਨੂੰ ਬੱਸਾਂ ਨੂੰ 3 ਘੰਟੇ ਲਈ ਬੰਦ ਕਰ ਦਿੱਤਾ। ਜੀਂਦ ਰੋਡਵੇਜ਼ ਡਿਪੂ ਦੇ ਅਕਾਊਂਟ ਅਧਿਕਾਰੀ ਸੁਨੀਲ ਕੁਮਾਰ ਭਾਟੀਆ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 3 ਘੰਟੇ ਦੇ ਰੋਡ ਜਾਮ ਦੇ ਮੱਦੇਨਜ਼ਰ ਬੱਸਾਂ ਨੂੰ ਸੁਰੱਖਿਆ ਵਜੋਂ ਬੰਦ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਤਿੰਨ ਵਜੇ ਤੱਕ ਚੱਕਾ ਜਾਮ ਰਹੇਗਾ ਅਤੇ ਉਸ ਤੋਂ ਬਾਅਦ ਹਰ ਕੋਈ ਆਪਣੀ ਜਗ੍ਹਾ ‘ਤੇ ਗੱਡੀਆਂ ਦਾ ਇੱਕ ਮਿੰਟ ਹਾਰਨ ਵਜਾਉਣਗੇ । ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ ਅੰਦਰ ਕਿਸੇ ਵੀ ਜਗ੍ਹਾ ‘ਤੇ ਜਾਮ ਨਹੀਂ ਲਗਾਇਆ ਜਾਵੇਗਾ ਅਤੇ ਜਿਸ ਜਗ੍ਹਾ ‘ਤੇ ਦਿੱਲੀ ਦੀ ਸਰਹੱਦ ਦੇ ਨਾਲ-ਨਾਲ ਧਰਨਾ ਚੱਲ ਰਿਹਾ ਹੈ, ਉਨ੍ਹਾਂ ਥਾਵਾਂ ‘ਤੇ ਜਾਮ ਰੱਖਿਆ ਜਾਵੇਗਾ । ਇਸਦੇ ਨਾਲ ਹੀ ਚੱਕਾ ਜਾਮ ਵਿੱਚ ਸ਼ਾਮਿਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਜਾਣ ਦਿੱਤਾ ਜਾਵੇ।