Haryana government withdraws: ਕੇਂਦਰ ਸਰਕਾਰ ਵੱਲੋਂ ਅਨਲਾਕ-4 ਦੀ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ। ਇਸ ਗਾਈਡਲਾਈਨ ਵਿੱਚ 1 ਸਤੰਬਰ ਤੋਂ ਸਾਰੀਆਂ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰਨ ਬਾਰੇ ਗੱਲ ਕਹੀ ਗਈ ਹੈ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਆਦੇਸ਼ ਦਿੱਤਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਰਾਜ ਵਿੱਚ ਲਾਕਡਾਊਨ ਨਹੀਂ ਹੋਵੇਗਾ। ਬਾਜ਼ਾਰ ਹਫਤੇ ਦੇ ਸੱਤ ਦਿਨ ਖੁੱਲ੍ਹ ਸਕਣਗੇ।
ਇਸ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹੁਣ ਕੋਈ ਲਾਕਡਾਊਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਦੀ ਗਾਈਡਲਾਈਨ ਆ ਗਈ ਹੈ ਤਾਂ ਰਾਜ ਸਰਕਾਰ ਨੂੰ ਲਾਕਡਾਊਨ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅਨਿਲ ਵਿਜ ਨੇ ਐਤਵਾਰ ਨੂੰ ਟਵੀਟ ਕੀਤਾ, ‘ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਅਨਲਾਕ 4 ਵਿੱਚ ਤਾਲਾ ਲਗਾਉਣ ਦਾ ਅਧਿਕਾਰ ਨਹੀਂ ਦਿੱਤਾ ਹੈ, ਇਸ ਲਈ ਹਰਿਆਣਾ ਸਰਕਾਰ ਨੇ ਸੋਮਵਾਰ ਅਤੇ ਮੰਗਲਵਾਰ 28 ਅਗਸਤ ਨੂੰ ਬਾਜ਼ਾਰ ਬੰਦ ਕਰਨ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਇਸ ਲਈ ਹੁਣ ਕੋਈ ਲਾਕਡਾਊਨ ਨਹੀਂ ਹੋਵੇਗਾ।’
ਦੱਸ ਦੇਈਏ ਕਿ ਹਰਿਆਣਾ ਵਿੱਚ ਹਫਤੇ ਦੇ ਸ਼ੁਰੂਆਤੀ ਦੋ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਪਹਿਲਾਂ ਇਹ ਲਾਕਡਾਊਨ ਹਫਤੇ ਦੇ ਅਖੀਰ ਵਿੱਚ ਹੁੰਦਾ ਸੀ, ਪਰ 28 ਅਗਸਤ ਨੂੰ ਰਾਜ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਹਫਤੇ ਦੇ ਅੰਤ ਦੀ ਬਜਾਏ ਹਫ਼ਤੇ ਦੇ ਸ਼ੁਰੂ ਵਿੱਚ ਦੋ ਦਿਨ ਲਾਕਡਾਊਨ ਲਗਾਉਣ ਲਈ ਕਿਹਾ ਸੀ । ਵਪਾਰੀਆਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲੈ ਲਿਆ ਸੀ ।