Haryana groom supports farmers: ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ । ਇਸ ਕੜੀ ਵਿੱਚ ਹਰਿਆਣਾ ਦੇ ਕਰਨਾਲ ਵਿੱਚ ਇੱਕ ਲਾੜਾ ਇਸ ਅੰਦੋਲਨ ਨੂੰ ਸਮਰਥਨ ਦੇਣ ਲਈ ਟਰੈਕਟਰ ‘ਤੇ ਬੈਠ ਕੇ ਬਰਾਤ ਲੈ ਕੇ ਨਿਕਲਿਆ। ਨਿਊਜ਼ ਏਜੰਸੀ ਅਨੁਸਾਰ ਲਾੜਾ ਘਰ ਵਿੱਚ ਖੜ੍ਹੀ ਲਗਜ਼ਰੀ ਕਾਰ ਨੂੰ ਛੱਡ ਕੇ ਟਰੈਕਟਰ ‘ਤੇ ਸਵਾਰ ਹੋ ਕੇ ਅੱਗੇ ਵਧਿਆ। ਇਸ ਤੋਂ ਬਾਅਦ ਬਰਾਤੀਆਂ ਨੇ ਵੀ ਟਰੈਕਟਰਾਂ ‘ਤੇ ਸਵਾਰ ਹੋ ਕੇ ਜੈ ਜਵਾਨ ਜੈ ਕਿਸਾਨ ਦੇ ਨਾਅਰੇਬਾਜ਼ੀ ਵੀ ਕੀਤੀ । ਲਾੜੇ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਕਿਸਾਨਾਂ ਵਿਚਾਲੇ ਪਹੁੰਚ ਜਾਵੇਗਾ।
ਇੰਨਾ ਹੀ ਨਹੀਂ ਵਿਆਹ ਸਮਾਗਮ ਵਿੱਚ ਮਿਲਣ ਵਾਲੀ ਪੂਰੀ ਰਾਸ਼ੀ ਵੀ ਕਿਸਾਨਾਂ ਦੇ ਅੰਦੋਲਨ ਵਿੱਚ ਮਦਦ ਵਜੋਂ ਦੇਣ ਦਾ ਐਲਾਨ ਕੀਤਾ। ਇਸ ਬਾਰੇ ਲਾੜੇ ਨੇ ਕਿਹਾ ਕਿ ਅਸੀਂ ਬੇਸ਼ੱਕ ਸ਼ਹਿਰਾਂ ਵਿੱਚ ਆ ਕੇ ਰਹਿਣ ਲੱਗ ਗਏ ਹਾਂ, ਪਰ ਜੜ੍ਹਾਂ ਤਾਂ ਖੇਤ ਨਾਲ ਹੀ ਜੁੜੀਆਂ ਹਨ। ਸਾਨੂੰ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਸਨੇ ਕਿਹਾ ਕਿ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਜਨਤਾ ਦਾ ਪੂਰਾ ਸਮਰਥਨ ਹੈ।
ਲੋਕ ਲਾੜੇ ਦੇ ਇਸ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ। ਲਾੜੇ ਅਤੇ ਉਸ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੋਕ ਵੀ ਇਸ ਨੂੰ ਸਾਂਝਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਲਾੜੇ ਨੇ ਕਿਸਾਨਾਂ ਦਾ ਬਹੁਤ ਢੁੱਕਵਾਂ ਸਮਰਥਨ ਕੀਤਾ ਹੈ।
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨ ਖਿਲਾਫ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਦੇ ਮੁੱਦੇ ‘ਤੇ ਕੋਈ ਵਿਚਾਲੇ ਦਾ ਰਸਤਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਕਿਸਾਨਾਂ ਨੂੰ ਲਿਖਤੀ ਭਰੋਸਾ ਦੇਣ ਲਈ ਵੀ ਕਿਹਾ ਹੈ।
ਇਹ ਵੀ ਦੇਖੋ: “ਦਿੱਲੀ ਨੇ ਮੇਰਾ ਪੁੱਤ ਖਾ ਲਿਆ”, ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨ ਦੀ ਮਾਂ ਦਾ ਦਰਦ