Haryana municipal election results : ਹਰਿਆਣਾ ਮਿਉਸੀਪਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਨਗਰ ਨਿਗਮ ਸੋਨੀਪਤ, ਪੰਚਕੂਲਾ ਅਤੇ ਅੰਬਾਲਾ, ਰੇਵਾੜੀ ਨਗਰ ਕੌਂਸਲ, ਸਾਂਪਲਾ, ਧਾਰੂਹੇੜਾ ਅਤੇ ਉਕਲਾਣਾ ਲਈ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਰਾਹੀਂ ਮੇਅਰ, ਸਿਟੀ ਕੌਂਸਲ ਅਤੇ ਮਿਉਸੀਪਲ ਪ੍ਰਧਾਨ ਸਿੱਧੇ ਚੁਣੇ ਗਏ ਹਨ। ਇਸ ਦੌਰਾਨ ਭਾਜਪਾ-ਜੇਜੇਪੀ ਗੱਠਜੋੜ ਨੂੰ ਤਿੰਨ ਨਗਰ ਨਿਗਮ ਚੋਣਾਂ ਵਿੱਚ ਵੱਡਾ ਝੱਟਕਾ ਲੱਗਾ ਹੈ। ਤਿੰਨੋਂ ਹੀ ਥਾਵਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਹਿਸਾਰ ਦੇ ਉਕਲਾਣਾ, ਰੋਹਤਕ ਦੇ ਸਾਂਪਲਾ ਅਤੇ ਰੇਵਾੜੀ ਦੇ ਧਾਰੂਹੇੜਾ ਵਿੱਚ ਆਜ਼ਾਦ ਉਮੀਦਵਾਰ ਜੇਤੂ ਐਲਾਨੇ ਗਏ ਹਨ।
ਉਕਲਾਣਾ ਮਿਉਸੀਪਲ ਇਲੈਕਸ਼ਨ ਵਿੱਚ ਆਜ਼ਾਦ ਉਮੀਦਵਾਰ ਸੁਸ਼ੀਲ ਸਾਹੂ ਜੇਤੂ ਰਹੇ ਹਨ ਜਦਕਿ ਭਾਜਪਾ-ਜੇਜੇਪੀ ਉਮੀਦਵਾਰ ਮਹਿੰਦਰ ਸੋਨੀ ਚੋਣ ਹਾਰ ਗਏ ਹਨ। ਸਾਂਪਲਾ ਮਿਉਸੀਪਲ ਚੋਣ – ਆਜ਼ਾਦ ਉਮੀਦਵਾਰ ਪੂਜਾ ਨੇ ਚੇਅਰਮੈਨ ਅਹੁਦੇ ਲਈ ਭਾਜਪਾ ਉਮੀਦਵਾਰ ਸੋਨੂੰ ਨੂੰ ਹਰਾਇਆ। ਆਜ਼ਾਦ ਉਮੀਦਵਾਰ ਕਾਂਗਰਸ ਪਾਰਟੀ ਦੇ ਵਰਕਰ ਹਨ, ਪਰ ਕਾਂਗਰਸ ਨੇ ਇੱਥੇ ਆਪਣੇ ਨਿਸ਼ਾਨ ‘ਤੇ ਚੋਣ ਨਹੀਂ ਲੜੀ ਸੀ। ਧਾਰੂਹੇੜਾ ਨਗਰ ਨਿਗਮ ਚੋਣ- ਇੱਥੇ ਚੇਅਰਮੈਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਕੰਵਰ ਸਿੰਘ ਜੇਤੂ ਰਹੇ।