Haryana Police Use Tear Gas: ਹਰਿਆਣਾ ਦੇ ਕਰਨਾਲ ਵਿੱਚ ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਹੰਗਾਮਾ ਹੋ ਗਿਆ । ਕਰਨਾਲ ਦੇ ਪਿੰਡ ਕੈਮਲਾ ਵਿੱਚ ਕਿਸਾਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਅਤੇ ਖੇਤਾਂ ਦੇ ਰਸਤੇ ਅਲੱਗ-ਅਲੱਗ ਸਮੂਹਾਂ ਵਿੱਚ ਕਿਸਾਨ ਰੈਲੀ ਵਾਲੀ ਥਾਂ ਵੱਲ ਵਧਣ ਲੱਗੇ । ਸਥਿਤੀ ਬੇਕਾਬੂ ਹੁੰਦਿਆਂ ਦੇਖ ਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਥਰੂ ਗੈਸ ਤੇ ਪਾਣੀ ਦੇ ਗੋਲੇ ਦਾਗੇ ਤਾਂ ਜੋ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ। ਇਸ ਬਵਾਲ ਤੋਂ ਬਾਅਦ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ‘ਮਨੋਹਰ ਲਾਲ ਜੀ ਕਰਨਾਲ ਦੇ ਪਿੰਡ ਕੈਮਲਾ ਵਿੱਚ ਕਿਸਾਨ ਮਹਾਂਪੰਚਾਇਤ ਦਾ ਦਿਖਾਵਾ ਬੰਦ ਕਰੋ।ਅੰਨਦਾਤਾ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨਾਲ ਖਿਲਵਾੜ ਕਰਕੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਸਾਜਿਸ਼ ਨੂੰ ਬੰਦ ਕਰੋ। ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਪਿਛਲੇ 46 ਦਿਨਾਂ ਤੋਂ ਬਾਰਡਰ ‘ਤੇ ਬੈਠੇ ਕਿਸਾਨਾਂ ਨਾਲ ਕਰੋ।
ਦੱਸ ਦੇਈਏ ਕਿ ਭਾਜਪਾ ਸ਼ਾਸਿਤ ਹਰਿਆਣਾ ਨੇ ਨਵੰਬਰ ਵਿੱਚ ਉਸ ਸਮੇਂ ਸੁਰਖੀਆਂ ਬਟੋਰੀਆਂ ਸਨ, ਜਦੋਂ ਉਸਨੇ ਕਿਸਾਨਾਂ ਨੂੰ ਦਿੱਲੀ ਦੇ ਰਾਹ ਤੋਂ ਰੋਕਣ ਦਾ ਫੈਸਲਾ ਲਿਆ ਸੀ । ਹੁਣ ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਹਨ। ਗੌਰਤਲਬ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਜਿੱਥੇ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਕਿਸਾਨਾਂ ਵੱਲੋਂ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਦਾ ਵਿਰੋਧ ਜਾਰੀ ਹੈ।