Haryana to reserve 75 percent jobs : ਹਰਿਆਣਾ ਦੇ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਨੌਜਵਾਨਾਂ ਨੂੰ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ 75 ਫ਼ੀਸਦੀ ਰਿਜ਼ਰਵੇਸ਼ਨ ਮਿਲਿਆ ਹੈ। ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੇ ਮੰਗਲਵਾਰ ਨੂੰ ਇਸ ਮਹੱਤਵਪੂਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਨੌਜਵਾਨਾਂ ਨੂੰ ਰਾਜ ਦੀ ਹਰ ਕੰਪਨੀ, ਸੋਸਾਇਟੀ ਅਤੇ ਟ੍ਰਸਟ ਵਿੱਚ 75 ਫ਼ੀਸਦੀ ਰਾਖਵਾਂਕਰਨ ਮਿਲੇਗਾ। ਇਹ ਜਾਣਕਾਰੀ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਹੈ। ਰਾਜ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅੱਜ ਰਾਜ ਦੇ ਨੌਜਵਾਨਾਂ ਲਈ ਖੁਸ਼ੀ ਦਾ ਦਿਨ ਹੈ। ਹੁਣ ਰਾਜ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ 75 ਫ਼ੀਸਦੀ ਨੌਕਰੀ ਮਿਲਣ ਦਾ ਅਧਿਕਾਰ ਮਿਲੇਗਾ। ਪਿੱਛਲੇ ਸਾਲ ਚੌਟਾਲਾ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਵਿੱਚ ਸੀ ਕੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ 75 ਫ਼ੀਸਦੀ ਨੌਕਰੀਆਂ ਹਰਿਆਣੇ ਦੇ ਲੋਕਾਂ ਲਈ ਰਾਖਵੀਆਂ ਰੱਖਣੀਆਂ ਪੈਣਗੀਆਂ, ਜਿਨ੍ਹਾਂ ਦੀ ਤਨਖਾਹ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਹੋਵੇਗੀ।
ਜੇ ਕੰਪਨੀਆਂ ਸਥਾਨਕ ਉਮੀਦਵਾਰਾਂ ਨੂੰ ਯੋਗ ਨਹੀਂ ਸਮਝਦੀਆਂ, ਤਾਂ ਉਹ ਬਾਹਰਲੇ ਰਾਜ ਦੇ ਉਮੀਦਵਾਰ ਭਰਤੀ ਕਰ ਸਕਦੀਆਂ ਹਨ। ਪਰ ਇਸ ਦੇ ਲਈ ਉਨ੍ਹਾਂ ਨੂੰ ਇਸ ਕਦਮ ਬਾਰੇ ਸਰਕਾਰ ਨੂੰ ਸੂਚਿਤ ਕਰਨਾ ਪਏਗਾ। ਸਰਕਾਰ ਨੇ ਕਿਹਾ ਸੀ ਕਿ ਕੰਪਨੀਆਂ ਨੂੰ ਉਨ੍ਹਾਂ ਸਾਰੇ ਕਰਮਚਾਰੀਆਂ ਦੇ ਵੇਰਵੇ ਦਰਜ ਕਰਵਾਉਣੇ ਪੈਣਗੇ ਜੋ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਂਦੇ ਹਨ। ਜੇ ਪੂਰੇ ਵੇਰਵਿਆਂ ਨੂੰ ਮਹੀਨੇ ਦੇ ਅੰਦਰ ਰਜਿਸਟਰਡ ਨਹੀਂ ਕੀਤਾ ਜਾਂਦਾ ਹੈ, ਤਾਂ ਕਾਨੂੰਨ ਅਨੁਸਾਰ ਉਨ੍ਹਾਂ ਕੰਪਨੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਵਲੋਂ ਲਿਆਂਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਭਾਰੀ ਵਿਰੋਧ ਕਾਰਨ ਹਰਿਆਣਾ ਦੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੂੰ ਸਥਾਨਕ ਭਾਈਚਾਰੇ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇਸ ਫੈਸਲੇ ਨੂੰ ਖੇਤੀਬਾੜੀ ਕਾਨੂੰਨਾਂ ਦੇ ਰੋਸ ਨੂੰ ਘੱਟ ਕਰਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਇਹ ਵੀ ਦੇਖੋ : ਕਿਸਾਨ ਜੱਥੇਬੰਦੀਆਂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਅੰਦੋਲਨ ਨੂੰ ਲੈਕੇ ਦਿੱਤੀ ਅਹਿਮ ਜਾਣਕਾਰੀ, ਸੁਣੋ