Hathras Case Victim Forcibly Cremated: ਹਾਥਰਸ ਦੀ ਦਲਿਤ ਧੀ ਨਾਲ ਵਾਪਰੀ ਘਟਨਾ ਤੋਂ ਵੱਧ ਕੁਝ ਹੋਰ ਡਰਾਉਣਾ, ਖੌਫਨਾਕ ਅਤੇ ਹੈਵਾਨੀਅਤ ਭਰਿਆ ਕੁਝ ਨਹੀਂ ਹੋ ਸਕਦਾ । ਇਸ ਬਹੁਤ ਹੀ ਮੁਸ਼ਕਿਲ ਸਮੇਂ ਵਿੱਚ ਪਰਿਵਾਰ ਦੇ ਜ਼ਖਮਾਂ ‘ਤੇ ਮਰਹਮ ਲਗਾਉਣ ਦੀ ਜ਼ਰੂਰਤ ਸੀ, ਪਰ ਯੂਪੀ ਪੁਲਿਸ ਨੇ ਅਜਿਹਾ ਕੰਮ ਕੀਤਾ ਜਿਸ ਨੇ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂਣ ਲਗਾ ਦਿੱਤਾ। ਯੂਪੀ ਪੁਲਿਸ ਨੇ ਹਨ੍ਹੇਰੇ ਵਿੱਚ ਮੰਗਲਵਾਰ ਦੀ ਰਾਤ ਕਰੀਬ 2.30 ਵਜੇ ਹਾਥਰਸ ਸਮੂਹਿਕ ਬਲਾਤਕਾਰ ਪੀੜਤ ਦਾ ਅੰਤਮ ਸੰਸਕਾਰ ਕਰ ਦਿੱਤਾ । ਇਲਜ਼ਾਮ ਲਗਾਇਆ ਜਾਂਦਾ ਹੈ ਕਿ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਰ ਵਿੱਚ ਬੰਦ ਕਰ ਦਿੱਤਾ ਸੀ। ਦੇਰ ਰਾਤ ਦੇ ਦ੍ਰਿਸ਼ਾਂ ਵਿੱਚ ਕੈਦ ਘਟਨਾਵਾਂ ਵਿੱਚ ਪ੍ਰੇਸ਼ਾਨ ਕਰਨ ਵਾਲਾ ਦ੍ਰਿਸ਼ ਕੈਦ ਹੋਇਆ ਹੈ, ਜਿਸ ਵਿੱਚ ਪੀੜਤ ਲੜਕੀ ਦਾ ਪਰਿਵਾਰ ਪੁਲਿਸ ਨਾਲ ਬਹਿਸ ਕਰਦੇ ਦਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਖੁਦ ਲਾਸ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਸਾਹਮਣੇ ਖੜੇ ਹੋ ਗਏ ਅਤੇ ਵਾਹਨ ਦੇ ਬੋਨਟ ‘ਤੇ ਲੱਦ ਗਏ, ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਹਟਾ ਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ। ਪੀੜਤ ਕੁੜੀ ਦੀ ਮਾਂ ਐਂਬੂਲੈਂਸ ਦੇ ਸਾਹਮਣੇ ਸੜਕ ‘ਤੇ ਪੈ ਗਈ , ਪਰ ਪੁਲਿਸ ਉਸ ਨੂੰ ਹਟਾ ਕੇ ਉੱਥੋਂ ਚਲਦੀ ਬਣੀ। ਮ੍ਰਿਤਕਾ ਦੀ ਮਾਂ ਸਸਕਾਰ ਤੋਂ ਬਾਅਦ ਬੇਵੱਸ ਹੋ ਕੇ ਰੋਂਦੀ ਰਹੀ।
ਇਸ ਮਾਮਲੇ ਵਿੱਚ ਮ੍ਰਿਤਕ ਕੁੜੀ ਦੇ ਭਰਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਬਿਨ੍ਹਾਂ ਕੁਝ ਦੱਸੇ ਮ੍ਰਿਤਕ ਦੇਹ ਨੂੰ ਘਰ ਤੋਂ ਦੂਰ ਲੈ ਗਈ ਅਤੇ ਚੁੱਪ-ਚਾਪ ਉਸ ਦਾ ਸਸਕਾਰ ਕਰ ਦਿੱਤਾ। ਮ੍ਰਿਤਕ ਦਾ ਪਿਤਾ ਅਤੇ ਭਰਾ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠ ਗਏ । ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਕਾਲੀ ਸਕਾਰਪੀਓ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਕਿਤੇ ਹੋਰ ਲੈ ਗਏ। ਪਿੰਡ ਵਾਸੀਆਂ ਨੇ ਇਸ ਦੌਰਾਨ ਪੁਲਿਸ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਖਿਲਾਫ ਭਾਰੀ ਰੋਸ ਹੈ।
ਦਰਅਸਲ, ਪੀੜਤ ਕੁੜੀ ਦੀ ਮੌਤ ਤੋਂ ਬਾਅਦ ਮੰਗਲਵਾਰ ਨੂੰ ਲੋਕਾਂ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਬਾਅਦ ਵਿੱਚ ਪੁਲਿਸ ਮੰਗਲਵਾਰ ਰਾਤ ਨੂੰ ਮ੍ਰਿਤਕ ਦੇਹ ਲੈ ਕੇ ਹਾਥਰਸ ਦੇ ਪਿੰਡ ਪਹੁੰਚੀ, ਜੋ ਕਿ ਦਿੱਲੀ ਤੋਂ 200 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਦੌਰਾਨ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਨੂੰ ਸੌਂਪਣ ਦੀ ਮੰਗ ਕੀਤੀ ਤਾਂ ਜੋ ਇਸ ਦਾ ਰਵਾਇਤੀ ਤੌਰ ‘ਤੇ ਸਵੇਰੇ ਸਸਕਾਰ ਕੀਤਾ ਜਾ ਸਕੇ, ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ ਅਤੇ ਸਾਰਿਆਂ ਨੂੰ ਵੱਖ ਕਰ ਕੇ ਚੁੱਪ ਚਾਪ ਰਾਤ ਦੇ ਹਨੇਰੇ ਵਿੱਚ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ।
ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਸਾਰੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ‘ਤੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ । ਹਾਲਾਂਕਿ, ਪੀੜਤ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ੁਰੂਆਤ ਵਿੱਚ ਉਨ੍ਹਾਂ ਦੀ ਮਦਦ ਨਹੀਂ ਕੀਤੀ ਅਤੇ ਕੇਸ ‘ਤੇ ਗੁੱਸਾ ਜ਼ਾਹਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਹੈ।