Health Ministry issued warning: ਨਵੀਂ ਦਿੱਲੀ: ਪੂਰਾ ਦੇਸ਼ ਇਨ੍ਹੀਂ ਦਿਨੀਂ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਸੈਨੇਟਾਈਜ਼ਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ । ਸਿਹਤ ਮੰਤਰਾਲੇ ਨੇ ਲੋਕਾਂ ਨੂੰ ਹੈਂਡ ਸੈਨੀਟਾਈਜ਼ਰ ਦੀ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ, ਇਸ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਵੀ ਹੋ ਸਕਦੀ ਹੈ । ਇਹ ਦੇਖਿਆ ਗਿਆ ਹੈ ਕਿ ਸੈਨੀਟਾਈਜ਼ਰ ਦੀ ਵਰਤੋਂ ਪਿਛਲੇ ਛੇ ਮਹੀਨਿਆਂ ਤੋਂ ਸਾਡੀ ਜ਼ਿੰਦਗੀ ਵਿੱਚ ਵਧ ਗਈ ਹੈ।
ਸਿਹਤ ਮੰਤਰਾਲੇ ਦੇ ਵਧੀਕ ਡਾਇਰੈਕਟਰ ਜਨਰਲ ਡਾ. ਆਰ ਕੇ ਵਰਮਾ ਨੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਹੈ, ਕਿਸੇ ਨੇ ਨਹੀਂ ਸੋਚਿਆ ਸੀ ਕਿ ਵਾਇਰਸ ਦਾ ਅਜਿਹਾ ਪ੍ਰਕੋਪ ਵਾਪਰੇਗਾ । ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਬਚਾਉਣ ਲਈ ਮਾਸਕ ਦੀ ਵਰਤੋਂ ਕਰੋ, ਵਾਰ-ਵਾਰ ਗਰਮ ਪਾਣੀ ਪੀਓ ਅਤੇ ਹੱਥ ਧੋਂਦੇ ਰਹੋ ਅਤੇ ਸੈਨੇਟਾਈਜ਼ਰ ਦੀ ਵਰਤੋਂ ਨਾ ਕਰੋ।
ਸਿਹਤ ਮਾਹਿਰਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਸੈਨੀਟਾਈਜ਼ਰ ਦੀ ਜ਼ਿਆਦਾ ਵਰਤੋਂ ਚਮੜੀ ਨੂੰ ਸਿਹਤਮੰਦ ਰੱਖਣ ਵਾਲੇ ਚੰਗੇ ਬੈਕਟੀਰੀਆ ਨੂੰ ਮਾਰ ਸਕਦਾ ਹੈ। ਮਾਹਰਾਂ ਅਨੁਸਾਰ ਜਦੋਂ ਸਾਬਣ ਅਤੇ ਪਾਣੀ ਉਪਲਬਧ ਹੁੰਦੇ ਹਨ ਤਾਂ ਸੈਨੇਟਾਈਜ਼ਰ ਦੀ ਬਜਾਏ ਸਾਬਣ ਅਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸ਼ਨੀਵਾਰ ਤੱਕ 13 ਲੱਖ 36 ਹਜ਼ਾਰ 861 ਲੋਕ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ । ਇਨ੍ਹਾਂ ਵਿਚੋਂ 31,358 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 8 ਲੱਖ 49 ਹਜ਼ਾਰ ਲੋਕਾਂ ਦਾ ਇਲਾਜ ਵੀ ਕੀਤਾ ਗਿਆ ਹੈ । ਹਸਪਤਾਲ ਵਿੱਚ 4 ਲੱਖ 56 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 48 ਹਜ਼ਾਰ 661 ਨਵੇਂ ਕੇਸ ਸਾਹਮਣੇ ਆਏ ਅਤੇ 705 ਲੋਕਾਂ ਦੀ ਮੌਤ ਹੋ ਗਈ।