Heavy rain leads to waterlogging: ਮੁੰਬਈ: ਮੁੰਬਈ ਵਿੱਚ ਮੂਸਲਾਧਾਰ ਬਾਰਿਸ਼ ਫਿਰ ਮੁਸੀਬਤ ਬਣ ਗਈ ਹੈ। ਮੁੰਬਈ ਵਿੱਚ ਦੇਰ ਰਾਤ ਤੋਂ ਬਾਰਿਸ਼ ਦੀ ਪ੍ਰਕਿਰਿਆ ਜਾਰੀ ਹੈ। ਸਥਿਤੀ ਇਹ ਹੈ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਪਾਣੀ ਭਰ ਗਿਆ ਹੈ। ਲੋਖੰਡਵਾਲਾ, ਵੀਰਾ ਦੇਸਾਈ ਰੋਡ, ਅੰਧੇਰੀ, ਪਰੇਲ ਸਮੇਤ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਸੜਕਾਂ ‘ਤੇ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਕਈ ਥਾਵਾਂ ‘ਤੇ ਗੱਡੀਆਂ ਬਾਰਿਸ਼ ਦੇ ਪਾਣੀ ਵਿੱਚ ਫਸ ਗਈਆਂ ਹਨ। ਭਾਰੀ ਬਾਰਿਸ਼ ਕਾਰਨ ਅੰਧੇਰੀ ਸਬ-ਵੇ ਵੀ ਪਾਣੀ ਵਿਚ ਡੁੱਬ ਗਿਆ । ਪਾਣੀ ਭਰਨ ਕਾਰਨ ਸਬ-ਵੇ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਮੌਸਮ ਵਿਭਾਗ ਨੇ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਗਲੇ 24 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਮੂਸਲਾਧਾਰ ਬਾਰਿਸ਼ ਕਾਰਨ ਸੜਕਾਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਕਈ ਫੁੱਟ ਪਾਣੀ ਭਰ ਗਿਆ ਹੈ। ਭਾਰੀ ਬਾਰਿਸ਼ ਕਾਰਨ ਸੜਕਾਂ 3 ਫੁੱਟ ਤੱਕ ਪਾਣੀ ਨਾਲ ਭਰੀਆਂ ਪਈਆਂ ਹਨ। ਇਸ ਦੌਰਾਨ ਮੁੰਬਈ ਪੁਲਿਸ ਨੇ ਮਾਰਗਾਂ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ । ਮੁੰਬਈ ਪੁਲਿਸ ਨੇ ਟਵੀਟ ਕਰਕੇ ਪਾਣੀ ਨਾਲ ਭਰੇ ਰੂਟਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ ਜਿੱਥੇ ਸਥਿਤੀ ਵਧੇਰੇ ਗੰਭੀਰ ਹੈ।
ਇਸ ਤੋਂ ਇਲਾਵਾ ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਸਾਯਨ ਰੇਲਵੇ ਸਟੇਸ਼ਨ ‘ਤੇ ਪਾਣੀ ਭਰ ਗਿਆ ਹੈ। ਟਰੈਕ ‘ਤੇ ਪਾਣੀ ਭਰਨ ਕਾਰਨ ਯਾਤਰੀਆਂ ਨੂੰ ਕਾਫੀ ਲੰਬੇ ਸਮੇਂ ਲਈ ਟ੍ਰੇਨ ਦਾ ਇੰਤਜ਼ਾਰ ਕਰਨਾ ਪਿਆ । ਮੂਸਲਾਧਾਰ ਬਾਰਿਸ਼ ਕਾਰਨ ਭਾਰੀ ਪਾਣੀ ਭਰਨ ਦੀ ਸਥਿਤੀ ਵਿਚਾਲੇ ਯਾਤਰੀ ਸਾਯਨ ਰੇਲਵੇ ਸਟੇਸ਼ਨ ‘ਤੇ ਫਸੇ ਹੋਏ ਸਨ । ਬਾਰਿਸ਼ ਕਾਰਨ ਸਥਿਤੀ ਅਜਿਹੀ ਵਿਗੜ ਗਈ ਹੈ ਕਿ ਪਲੇਟਫਾਰਮ ਤੱਕ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਮੁੰਬਈ ਵਿੱਚ ਬਾਰਿਸ਼ ਦਾ ਸਿਲਸਿਲਾ ਰੁਕਿਆ ਨਹੀਂ ਹੈ । ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 23 ਸਤੰਬਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਮੁੰਬਈ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਵੀ ਤੇਜ਼ ਬਾਰਿਸ਼ ਹੋ ਸਕਦੀ ਹੈ।